
ਆਜ਼ਾਦੀ ਦੇ ਸੰਗਰਾਮ ਵਿੱਚ ਇਸਤਰੀਆਂ ਦਾ ਵਿਲੱਖਣ ਯੋਗਦਾਨ ਰਿਹਾ ਹੈ। ਇਨ੍ਹਾਂ ਇਸਤਰੀਆਂ ਵਿੱਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਵਰਨਣਯੋਗ ਹੈ। ਗ਼ਦਰ ਲਹਿਰ ਵਿੱਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿੱਚ ਲਿਖਿਆ ਹੋਇਆ ਹੈ। ਉਨ੍ਹਾਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖ਼ਸ਼ੀਵਾਲਾ ਵਿਖੇ 1890 ਦੇ ਨੇੜੇ ਗ਼ਰੀਬ ਕਿਸਾਨ ਦੇ ਘਰ ਹੋਇਆ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦੀ ਅਸਲੀ ਤਾਰੀਕ ਬਾਰੇ ਸਹੀ ਜਾਣਕਾਰੀ ਉਪਲਬਧ ਨਹੀਂ। ਬੀਬੀ ਗੁਲਾਬ ਕੌਰ ਦੇ ਮਾਤਾ ਪਿਤਾ ਦੇ ਨਾਂ ਦਾ ਵੀ ਸਹੀ ਪਤਾ ਨਹੀਂ ਕਿਉਂਕਿ ਉਨ੍ਹਾਂ ਨੇ ਮਾਪਿਆਂ ਨੂੰ ਪੁਲੀਸ ਵੱਲੋਂ ਤੰਗ ਕਰਨ ਦੇ ਖ਼ਦਸ਼ੇ ਕਰਕੇ ਸਹੀ ਜਾਣਕਾਰੀ ਨਹੀਂ ਸੀ ਦਿੱਤੀ।
ਉਨ੍ਹਾਂ ਦਾ ਪੇਕਾ ਪਰਿਵਾਰ ਧਾਰਮਿਕ ਵਿਚਾਰਾਂ ਦਾ ਸੀ। ਬੀਬੀ ਗੁਲਾਬ ਕੌਰ ਨੂੰ ਪੰਜਾਬੀ ਪੜ੍ਹਨ ਅਤੇ ਸਿਖਣ ਲਈ ਪਿੰਡ ਦੇ ਡੇਰੇ ਦੇ ਮਹੰਤ ਕੋਲ ਲਾਇਆ ਗਿਆ ਜਿੱਥੋਂ ਉਨ੍ਹਾਂ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਸਿੱਖ ਲਈ। ਉਨ੍ਹਾਂ ਦਾ ਵਿਆਹ ਜਖੇਪਲ ਪਿੰਡ ਦੇ ਮਾਨ ਸਿੰਘ ਨਾਲ ਹੋਇਆ। ਪਤੀ ਦੇ ਨਾਂ ਬਾਰੇ ਵੀ ਵਖਰੇਵਾਂ ਹੈ, ਕਈ ਵਿਦਵਾਨ ਬਚਿੱਤਰ ਸਿੰਘ ਅਤੇ ਕਈ ਵਿਸਾਖਾ ਲਿਖਦੇ ਹਨ। ਜ਼ਮੀਨ ਥੋੜ੍ਹੀ ਹੋਣ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਸੀ। ਇਸ ਕਰਕੇ ਉਨ੍ਹਾਂ ਨੇ ਜ਼ਮੀਨ ਵੇਚ ਕੇ ਅਮਰੀਕਾ ਜਾਣ ਦਾ ਫ਼ੈਸਲਾ ਕਰ ਲਿਆ। ਉਹ ਦੋਵੇਂ ਪਤੀ-ਪਤਨੀ ਫਿਲਪੀਨ ਦੀ ਰਾਜਧਾਨੀ ਮਨੀਲਾ ਪਹੁੰਚ ਗਏ। ਫਿਲਪੀਨ ਦੇ ਕਾਨੂੰਨ ਅਨੁਸਾਰ ਜੇ ਕੋਈ ਵਿਦੇਸ਼ੀ ਉੱਥੇ ਛੇ ਮਹੀਨੇ ਰਹਿੰਦਾ ਸੀ ਤਾਂ ਉਸ ਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਸੀ। ਇਸ ਆਸ ਨਾਲ ਉਹ ਉੱਥੇ ਰਹਿ ਰਹੇ ਹੋਰ ਭਾਰਤੀਆਂ ਨਾਲ ਰਹਿਣ ਲੱਗੇ। ਉਨ੍ਹਾਂ ਨਾਲ ਪਿੰਡ ਦੌਲੇ ਸਿੰਘ ਵਾਲਾ ਦਾ ਜੀਵਨ ਸਿੰਘ ਵੀ ਮਨੀਲਾ ਵਿੱਚ ਰਹਿ ਰਿਹਾ ਸੀ।
ਉੱਧਰ, ਕੈਨੇਡਾ ਵਿੱਚ ਗ਼ਦਰ ਲਹਿਰ ਦਾ ਮੁੱਢ ਬੱਝ ਚੁੱਕਾ ਸੀ। ਗ਼ਦਰੀਆਂ ਨੇ ਭਾਰਤ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਸਨਫਰਾਂਸਿਸਕੋ ਤੋਂ ਐਸ.ਐਸ. ਕੋਰੀਆ ਨਾਂ ਦਾ ਸਮੁੰਦਰੀ ਜਹਾਜ਼ 29 ਅਗਸਤ 1914 ਨੂੰ 70 ਗ਼ਦਰੀਆਂ ਨੂੰ ਲੈ ਕੇ ਚੱਲ ਪਿਆ। ਉਹ ਜਹਾਜ਼ ਫਿਲਪੀਨ ਦੀ ਰਾਜਧਾਨੀ ਮਨੀਲਾ ਰੁਕ ਗਿਆ। ਮਨੀਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਗ਼ਦਰੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫ਼ੈਸਲਾ ਕੀਤਾ ਗਿਆ ਸਾਰੇ ਭਾਰਤੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਲਈ ਵਾਪਸ ਭਾਰਤ ਪਰਤਣਗੇ। ਇਸ ਮੀਟਿੰਗ ਵਿੱਚ ਬੀਬੀ ਗੁਲਾਬ ਕੌਰ ਤੇ ਉਨ੍ਹਾਂ ਦੇ ਪਤੀ ਤੋਂ ਇਲਾਵਾ ਮਨੀਲਾ ਫਸੇ ਹੋਏ ਹੋਰ ਵਿਅਕਤੀ ਵੀ ਸ਼ਾਮਲ ਹੋਏ। ਉਨ੍ਹਾਂ ਸਭ ਨੇ ਵਾਪਸ ਜਾਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਜਹਾਜ਼ ਚੜ੍ਹਨ ਲਈ ਆਪਣੇ ਨਾਂ ਲਿਖਵਾ ਦਿੱਤੇ।
ਅਗਲੇ ਦਿਨ ਜਹਾਜ਼ ਚੜ੍ਹਨ ਸਮੇਂ ਉਨ੍ਹਾਂ ਦੇ ਪਤੀ ਮਾਨ ਸਿੰਘ ਦਾ ਮਨ ਬਦਲ ਗਿਆ। ਉਸ ਨੇ ਵਾਪਸ ਭਾਰਤ ਜਾਣ ਤੋਂ ਜਵਾਬ ਦੇ ਦਿੱਤਾ, ਪਰ ਬੀਬੀ ਗੁਲਾਬ ਕੌਰ ਪਤੀ ਦੇ ਰੋਕਣ ਦੇ ਬਾਵਜੂਦ ਵਾਪਸ ਜਹਾਜ਼ ਵਿੱਚ ਸਵਾਰ ਹੋ ਗਈ। ਜਹਾਜ਼ ’ਚ 179 ਸਵਾਰੀਆਂ ਵਿੱਚ ਇੱਕੋ ਇੱਕ ਇਸਤਰੀ ਬੀਬੀ ਗੁਲਾਬ ਕੌਰ ਸੀ। ਜਹਾਜ਼ ਵਿੱਚ ਹੋਣ ਵਾਲੀ ਬਹਿਸ ਵਿੱਚ ਵੀ ਉਹ ਹਿੱਸਾ ਲੈਂਦੀ ਰਹੀ। ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਹੋਈ ਤੇ ਸਾਰੀਆਂ ਸਵਾਰੀਆਂ ਗੁਰਦੁਆਰਾ ਸਾਹਿਬ ਵਿੱਚ ਚਲੀਆਂ ਗਈਆਂ। ਉੱਥੇ ਬੀਬੀ ਗੁਲਾਬ ਕੌਰ ਨੇ ਦੇਸ਼ ਦੀ ਆਜ਼ਾਦੀ ਸਬੰਧੀ ਜ਼ੋਸ਼ੀਲਾ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਸਿੰਘਾਪੁਰ, ਪੀਨਾਂਗ, ਰੰਗੂਨ ਵਿਖੇ ਉਨ੍ਹਾਂ ਭਾਸ਼ਣ ਦਿੱਤੇ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹੀਆਂ।
28 ਅਕਤੂਬਰ 1914 ਨੂੰ ਜਹਾਜ਼ ਕਲਕੱਤੇ ਪਹੁੰਚ ਗਿਆ। ਪੁਲੀਸ ਗੁਲਾਬ ਕੌਰ ਨੂੰ ਰੇਲ ਗੱਡੀ ਰਾਹੀਂ ਪੰਜਾਬ ਛੱਡ ਗਈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਗ਼ਦਰੀ ਅਮਰ ਸਿੰਘ ਕੋਲ ਰਹੀ। ਕਰਤਾਰ ਸਿੰਘ ਸਰਾਭਾ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਸੰਤ ਗੁਲਾਬ ਸਿੰਘ ਦੇ ਡੇਰੇ ਛੱਡ ਆਇਆ। ਅੰਮ੍ਰਿਤਸਰ ਅਤੇ ਲਾਹੌਰ ਵਿਖੇ ਗ਼ਦਰੀਆਂ ਦੇ ਦਫ਼ਤਰ ਦੀ ਬੀਬੀ ਗੁਲਾਬ ਕੌਰ ਇੰਚਾਰਜ ਰਹੀ। ਕੋਈ ਗ਼ਦਰੀ ਸਭ ਤੋਂ ਪਹਿਲਾਂ ਬੀਬੀ ਗੁਲਾਬ ਕੌਰ ਨੂੰ ਮਿਲਦਾ ਸੀ, ਜੇ ਬੀਬੀ ਨੂੰ ਤਸੱਲੀ ਹੋ ਜਾਂਦੀ ਸੀ ਤਾਂ ਹੀ ਉਸ ਨੂੰ ਗ਼ਦਰੀ ਸਰਗਰਮੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਸੀ।
ਗ਼ਦਰੀਆਂ ਦੇ ਦਫ਼ਤਰਾਂ ਅਤੇ ਗੁਪਤ ਟਿਕਾਣਿਆਂ ਦੀ ਪੂਰੀ ਜਾਣਕਾਰੀ ਸਿਰਫ਼ ਬੀਬੀ ਗੁਲਾਬ ਕੌਰ ਕੋਲ ਹੀ ਹੁੰਦੀ ਸੀ। ਇੱਥੇ ਹੀ ਬੀਬੀ ਧਿਆਨ ਸਿੰਘ ਚੁੱਘਾ ਨੂੰ ਮਿਲੀ। ਗ਼ਦਰੀ ਕਾਰਵਾਈਆਂ ਲਈ ਕਮਰਿਆਂ ਦੀ ਲੋੜ ਸੀ, ਅਣਵਿਆਹਿਆਂ ਨੂੰ ਕਿਰਾਏ ’ਤੇ ਕਮਰੇ ਨਹੀਂ ਸਨ ਦਿੱਤੇ ਜਾਂਦੇ। ਕਰਤਾਰ ਸਿੰਘ ਸਰਾਭਾ ਨੇ ਉਨ੍ਹਾਂ ਨੂੰ ਅਤੇ ਜੀਵਨ ਸਿੰਘ ਨਾਲ ਫ਼ਰਜ਼ੀ ਵਿਆਹੁਤਾ ਦਿਖਾ ਕੇ ਮੂਲ ਚੰਦ ਸਰਾਏ ਲਾਹੌਰ ਵਿੱਚ ਕਮਰਾ ਲੈ ਕੇ ਦਿੱਤਾ। ਇਸ ਕਮਰੇ ਵਿੱਚੋਂ ਹੀ ਗ਼ਦਰੀ ਸਾਹਿਤ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਜਦੋਂ ਇੱਕ ਹੋਰ ਕਮਰੇ ਦੀ ਲੋੜ ਪਈ ਤਾਂ ਇੰਦਰ ਸਿੰਘ ਭਸੀਨ ਦੀ ਫ਼ਰਜ਼ੀ ਪਤਨੀ ਬਣ ਕੇ ਬੀਬੀ ਗੁਲਾਬ ਕੌਰ ਨੇ ਮੋਚੀ ਗੇਟ ਲਾਹੌਰ ਵਿਖੇ ਕਮਰਾ ਕਿਰਾਏ ’ਤੇ ਲੈ ਲਿਆ। ਉਹ ਆਪ ਕਪੜੇ ਸਿਊਣ ਵਾਲੀ ਮਸ਼ੀਨ ਚਲਾ ਕੇ ਗ਼ਦਰੀ ਝੰਡੇ ਬਣਾਉਂਦੀ ਰਹੀ।
ਬੀਬੀ ਗੁਲਾਬ ਕੌਰ ਵੱਖ ਵੱਖ ਭੇਸਾਂ ਵਿੱਚ ਗ਼ਦਰੀਆਂ ਦੇ ਸੁਨੇਹੇ, ਅਸਲਾ ਅਤੇ ਸਾਹਿਤ ਰੇਲ ਗੱਡੀ, ਬੱਸਾਂ ਅਤੇ ਪੈਦਲ ਚਲਕੇ ਪਹੁੰਚਾਉਂਦੀ ਰਹੀ। ਜਦੋਂ ਪੁਲੀਸ ਨੂੰ ਸ਼ੱਕ ਹੋ ਗਿਆ ਤਾਂ ਉਹ ਰੂਪੋਸ਼ ਹੋ ਗਈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਦੇਣ ਲਈ ਉਹ ਭੇਸ ਬਦਲ ਕੇ ਅੰਗਰੇਜ਼ਾਂ ਦੇ ਪਿਠੂ ਸੁਖਦੇਵ ਸਿੰਘ ਸੋਢੀ ਦੇ ਘਰ ਉਸ ਦੀ ਲੜਕੀ ਬੀਰੀ ਨੂੰ ਦੱਸਣ ਲਈ ਪਹੁੰਚ ਗਈ। ਅਖ਼ੀਰ ਬੇਲਾ ਸਿੰਘ ਜਿਉਣ ਦੀ ਮੁਖ਼ਬਰੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਕੋਈ ਵੀ ਜ਼ੁਰਮ ਕਬੂਲ ਨਾ ਕੀਤਾ ਅਤੇ ਨਾ ਹੀ ਕੋਈ ਗੁਪਤ ਜਾਣਕਾਰੀ ਪੁਲੀਸ ਨੂੰ ਦੱਸੀ। 1931 ਵਿੱਚ ਜਦੋਂ ਸਰਕਾਰ ਕੋਈ ਸਬੂਤ ਪੇਸ਼ ਨਾ ਕਰ ਸਕੀ ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਉਹ ਅਮਰ ਸਿੰਘ ਦੇ ਚੁਬਾਰੇ ਵਿੱਚ ਕੋਟ ਨੌਧ ਸਿੰਘ ਵਿਖੇ ਹੀ ਰਹੀ। ਉੱਥੇ ਹੀ 1941 ਵਿੱਚ ਬੀਬੀ ਗੁਲਾਬ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।
- ਉਜਾਗਰ ਸਿੰਘ