
ਕੋਲਕਾਤਾ, 14 ਨਵੰਬਰ : ਕਹਿੰਦੇ ਹਨ ਕਿ ਮਠਿਆਈ ਕੜਵਾਹਟ ਦੂਰ ਕਰਦੀ ਹੈ ਪਰ ਦੋ ਰਾਜਾਂ ਪਛਮੀ ਬੰਗਾਲ ਅਤੇ ਉੜੀਸਾ ਵਿਚਕਾਰ ਮਠਿਆਈ 'ਤੇ ਜੰਗ ਛਿੜੀ ਹੋਈ ਸੀ ਜਿਸ ਵਿਚ ਆਖ਼ਰਕਾਰ, ਬੰਗਾਲ ਜਿੱਤ ਗਿਆ। ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੰਦਨ ਵਿਚ ਟਵਿਟਰ 'ਤੇ ਦਿਤੀ। ਪਛਮੀ ਬੰਗਾਲ ਦੀ ਪ੍ਰਸਿੱਧ ਰਸਗੁੱਲਾ ਮਠਿਆਈ 'ਬਾਂਗਲਾਰ ਰਾਸੋਗੋਲਾ' ਨੂੰ ਭਾਰਤੀ ਪੇਟੰਟ ਦਫ਼ਤਰ ਤੋਂ ਵਿਸ਼ੇਸ਼ ਭੂਗੋਲਿਕ ਖੇਤਰ ਦੇ ਉਤਪਾਦ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ। ਉਧਰ, ਉੜੀਸਾ ਅਪਣੇ ਰਸਗੁੱਲੇ ਲਈ ਵਿਸ਼ੇਸ਼ ਭੂਗੋਲਿਕ ਪ੍ਰਮਾਣ ਪੱਤਰ ਦਾ ਦਾਅਵਾ ਕਰ ਰਿਹਾ ਸੀ। ਮਮਤਾ ਨੇ ਕਿਹਾ, 'ਸਾਡੇ ਸਾਰਿਆਂ ਲਈ ਮਿੱਠੀ ਖ਼ਬਰ ਹੈ। ਅਸੀਂ ਖ਼ੁਸ਼ੀ ਅਤੇ ਮਾਣ ਨਾਲ ਦਸਣਾ ਚਾਹੁੰਦੇ ਹਾਂ ਕਿ ਬੰਗਾਲ ਵਿਚ ਰਸਗੁੱਲਾ ਇਜਾਦ ਹੋਣ ਦੀ ਭੂਗੋਲਿਕ ਪਛਾਣ ਮਿਲ ਗਈ ਹੈ ਅਤੇ ਰਸਗੁੱਲੇ ਦੀ ਕਾਢ 'ਤੇ ਸਾਡਾ ਅਧਿਕਾਰ ਸਿੱਧ ਹੋ ਗਿਆ ਹੈ।' ਦੋਹਾਂ ਰਾਜਾਂ ਵਿਚਕਾਰ ਵਿਵਾਦ ਸੀ ਕਿ ਰਸਗੁੱਲੇ ਦੀ ਕਾਢ ਕਿਥੇ ਹੋਈ ਸੀ?
ਇਹ ਮਾਮਲਾ ਉਦੋਂ ਸੁਰਖੀਆਂ ਵਿਚ ਆਇਆ ਸੀ ਜਦ 2015 ਵਿਚ ਉੜੀਸਾ ਦੇ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਰਸਗੁੱਲਾ ਪਹਿਲੀ ਵਾਰ ਉੜੀਸਾ ਵਿਚ ਬਣਿਆ ਸੀ। ਉਨ੍ਹਾਂ ਅਪਣੇ ਦਾਅਵੇ ਨੂੰ ਸਿੱਧ ਕਰਨ ਲਈ ਭਗਵਾਨ ਜਗਨਨਾਥ ਦੇ ਖੀਰ ਮੋਹਨ ਪ੍ਰਸਾਦ ਨੁੰ ਵੀ ਜੋੜਿਆ ਸੀ। ਫਿਰ ਬੰਗਾਲ ਦੇ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਰਸਗੁੱਲਾ ਪਹਿਲੀ ਵਾਰ ਬੰਗਾਲ ਵਿਚ ਬਣਿਆ ਸੀ। ਉੜੀਸਾ ਦਾ ਸੂਖਮ, ਲਘੂ ਅਤੇ ਦਰਮਿਆਨਾ ਉਦਯੋਗ ਮੰਤਰਾਲਾ ਰਸਗੁੱਲੇ ਨੂੰ ੰਰਾਜ ਦੀ ਭੂਗੋਲਿਕ ਪਛਾਣ ਨਾਲ ਜੋੜਨ ਵਿਚ ਲੱਗਾ ਹੋਇਆ ਸੀ। ਦਸਤਾਵੇਜ਼ ਇਕੱਠੇ ਕੀਤੇ ਗਏ ਜਿਸ ਵਿਚ ਇਹ ਸਾਬਤ ਹੋ ਗਿਆ ਕਿ ਪਹਿਲਾ ਰਸਗੁੱਲਾ ਭੁਵਨੇਸ਼ਵਰ ਅਤੇ ਕਟਕ ਵਿਚਕਾਰ ਹੋਂਦ ਵਿਚ ਆਇਆ ਸੀ। ਉਧਰ, ਪਛਮੀ ਬੰਗਾਲ ਨੇ ਇਨ੍ਹਾਂ ਸਾਰੇ ਦਾਅਵਿਆਂ ਦਾ ਤੋੜ ਕੱਢ ਲਿਆ ਅਤੇ ਆਖ਼ਰਕਾਰ ਰਸਗੁੱਲੇ 'ਤੇ ਬੰਗਾਲ ਦਾ ਕਬਜ਼ਾ ਹੋ ਗਿਆ। (ਏਜੰਸੀ)