
ਵਾਰਾਣਸੀ,
24 ਸਤੰਬਰ : ਯੂਪੀ ਦੀ ਮਸ਼ਹੂਰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਵਿਦਿਆਰਥਣ ਨਾਲ
ਛੇੜਖ਼ਾਨੀ ਦੀ ਘਟਨਾ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਕਲ ਰਾਤ ਪੁਲਿਸ
ਨੇ ਲਾਠੀਚਾਰਜ ਕਰ ਦਿਤਾ। ਹਿੰਸਾ 'ਚ ਕਈ ਵਿਦਿਆਰਥੀ, ਵਿਦਿਆਰਥਣਾਂ, ਦੋ ਪੱਤਰਕਾਰ ਅਤੇ
ਪੁਲਿਸ ਵਾਲੇ ਜ਼ਖ਼ਮੀ ਹੋ ਗਏ।
ਬੀਤ ਰਾਤ ਵਿਦਿਆਰਥੀ ਵਾਈਸ ਚਾਂਸਲਰ ਦੀ ਕੋਠੀ ਦਾ ਘਿਰਾਉ
ਕਰਨ ਲਈ ਪਹੁੰਚ ਗਏ। ਉਹ ਵੀਸੀ ਨੂੰ ਮਿਲਣਾ ਚਾਹੁੰਦੇ ਸਨ ਕਿ ਪੁਲਿਸ ਤੇ ਗਾਰਡਾਂ ਨੇ
ਲਾਠੀਚਾਰਜ ਕਰ ਦਿਤਾ। ਵੇਖਦਿਆਂ ਹੀ ਵੇਖਦਿਆਂ ਹਿੰਸਾ ਭੜਕ ਉਠੀ। ਕਿਹਾ ਜਾ ਰਿਹਾ ਹੈ ਕਿ
ਇਕ ਗਾਰਡ ਨੇ ਵਿਦਿਆਰਥਣ ਨੂੰ ਥੱਪੜ ਮਾਰ ਦਿਤਾ ਜਿਸ ਕਾਰਨ ਵਿਦਿਆਰਥੀ ਭੜਕ ਗਏ।
ਵਿਦਿਆਰਥੀਆਂ
ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਜਿਸ ਕਾਰਨ ਉਨ੍ਹਾਂ ਨੇ
ਸੁਰੱਖਿਆ ਮੁਲਾਜ਼ਮਾਂ 'ਤੇ ਪਥਰਾਅ ਸ਼ੁਰੂ ਕਰ ਦਿਤਾ। ਯੂਨੀਵਰਸਿਟੀ ਵਿਚ ਵੀਰਵਾਰ ਨੂੰ
ਵਿਦਿਆਰਥਣ ਨਾਲ ਛੇੜਖ਼ਾਨੀ ਕੀਤੀ ਗਈ ਸੀ ਜਿਸ ਦੇ ਵਿਰੋਧ ਵਿਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ
ਸਨ।
ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ ਅਤੇ ਦੋ
ਅਕਤੂਬਰ ਤਕ ਬੰਦ ਕਰ ਦਿਤਾ ਗਿਆ ਹੈ। ਯੂਨੀਵਰਸਿਟੀ ਦੇ ਅਧਿਕਾਰੀ ਨੇ ਦਸਿਆ ਕਿ ਹੁਣ ਹਾਲਾਤ
ਠੀਕ ਹਨ। ਪੁਲਿਸ ਗਸ਼ਤ ਕਰ ਰਹੀ ਹੈ ਤੇ ਹੋਸਟਲ ਖ਼ਾਲੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ
ਕਿ ਦੋਸ਼ੀਆਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾਵੇਗੀ। ਕਲ ਹਿੰਸਾ ਅਤੇ ਤਣਾਅ ਨੂੰ
ਵੇਖਦਿਆਂ 25 ਥਾਣਿਆਂ ਦੀ ਪੁਲਿਸ ਬੁਲਾਈ ਗਈ ਸੀ। ਪੁਲਿਸ ਨੂੰ ਵਿਦਿਆਰਥੀਆਂ ਦੇ ਸਖ਼ਤ
ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿਚ
ਗੋਲੀਆਂ ਚਲਾਈਆਂ। ਵਿਦਿਆਰਥੀਆਂ ਨੇ ਪਟਰੌਲ ਬੰਬ ਵੀ ਸੁੱਟੇ ਤੇ ਸਾੜਫੂਕ ਵੀ ਕੀਤੀ। ਰਾਤ
ਦੋ ਵਜੇ ਪੂਰੀ ਯੂਨੀਵਰਸਿਟੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ।
ਮੁੱਖ ਮੰਤਰੀ ਯੋਗੀ
ਅਦਿਤਿਆਨਾਥ ਨੇ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ ਘਟਨਾ ਦੀ ਰੀਪੋਰਟ ਮੰਗੀ ਹੈ। ਕਿਹਾ ਜਾ
ਰਿਹਾ ਹੈ ਕਿ ਜਦ ਇਕ ਵਿਦਿਆਰਥਣ ਨੂੰ ਕੁਟਿਆ ਜਾ ਰਿਹਾ ਸੀ ਤਾਂ ਕੁੱਝ ਪੁਲਸੀਏ ਵੀਡੀਉ ਬਣਾ
ਰਹੇ ਸਨ। ਇਸੇ ਦੌਰਾਨ ਯੂਨੀਵਰਸਿਟੀ ਜਾ ਰਹੇ ਯੂਪੀ ਕਾਂਗਰਸ ਦੇ ਮੁਖੀ ਰਾਜ ਬੱਬਰ ਨੂੰ
ਹਿਰਾਸਤ ਵਿਚ ਲੈ ਲਿਆ ਗਿਆ। (ਏਜੰਸੀ)