
ਪ੍ਰਿੰਸਟਨ
(ਅਮਰੀਕਾ), 20 ਸਤੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੁਨੀਆਂ
'ਚ ਤੇਜ਼ੀ ਨਾਲ ਵਧਦੀ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਲੋਕ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ
ਵਰਗੇ ਆਗੂਆਂ ਨੂੰ ਚੁਣ ਰਹੇ ਹਨ। ਉਨ੍ਹਾਂ ਨਾਲ ਹੀ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਢੁਕਵੀਂ
ਗਿਣਤੀ 'ਚ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰ ਰਹੀ ਅਤੇ ਇਹੀ 2014 'ਚ ਉਨ੍ਹਾਂ ਦੀ
ਪਾਰਟੀ ਦੀ ਹਾਰ ਦਾ ਕਾਰਨ ਬਣਿਆ।
ਦੋ ਹਫ਼ਤਿਆਂ ਦੀ ਅਮਰੀਕਾ ਯਾਤਰਾ 'ਤੇ ਆਏ 47 ਸਾਲਾਂ ਦੇ ਰਾਹੁਲ ਨੇ ਪ੍ਰਿੰਸਟਨ ਯੂਨੀਵਰਸਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ 'ਚ ਕਿਹਾ ਕਿ ਰੁਜ਼ਗਾਰ ਲੋਕਾਂ ਨੂੰ ਮਜ਼ਬੂਤ ਕਰਨ, ਅਧਿਕਾਰ ਦੇਣ ਅਤੇ ਦੇਸ਼ ਦੇ ਨਿਰਮਾਣ ਦੀ ਪ੍ਰਕਿਰਿਆ 'ਚ ਉਨ੍ਹਾਂ ਨੂੰ ਸ਼ਾਮਲ ਕਰਨ ਦਾ ਇਕ ਮਾਧਿਅਮ ਹੈ।
ਉਨ੍ਹਾਂ ਕਿਹਾ, ''ਮੈਂ ਸੋਚਦਾ ਹਾਂ ਕਿ ਮੋਦੀ ਕਿਸ ਤਰ੍ਹਾਂ ਉਭਰੇ ਅਤੇ ਇਕ ਹੱਦ ਤਕ ਟਰੰਪ ਕਿਸ ਤਰ੍ਹਾਂ ਸੱਤਾ 'ਚ ਆਏ। ਅਮਰੀਕਾ ਅਤੇ ਭਾਰਤ 'ਚ ਰੁਜ਼ਗਾਰ ਦਾ ਸਵਾਲ ਹੈ। ਸਾਡੀ ਆਬਾਦੀ ਦਾ ਇਕ ਵੱਡਾ ਹਿੱਸਾ ਹੈ ਜਿਸ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਉਨ੍ਹਾਂ ਨੂੰ ਅਪਣਾ ਕੋਈ ਭਵਿੱਖ ਨਹੀਂ ਦਿਸ ਰਿਹਾ ਹੈ। ਇਸ ਲਈ ਉਹ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਆਗੂਆਂ ਨੂੰ ਹਮਾਇਤ ਦਿਤੀ ਹੈ।''
ਉਨ੍ਹਾਂ
ਕਿਹਾ ਕਿ ਇਹ ਦੂਜੀ ਸਮੱਸਿਆ ਹੈ ਕਿ ਕੋਈ ਮੰਨ ਹੀ ਨਹੀਂ ਰਿਹਾ ਕਿ ਬੇਰੁਜ਼ਗਾਰੀ ਇਕ
ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਟਰੰਪ ਬਾਰੇ ਨਹੀਂ ਜਾਣਦੇ ਪਰ ਮੋਦੀ ਰੁਜ਼ਗਾਰ ਸਿਰਜਣ
ਲਈ ਢੁਕਵੇਂ ਕਦਮ ਨਹੀਂ ਚੁੱਕ ਰਹੇ ਹਨ।
ਕਾਂਗਰਸ ਮੀਤ ਪ੍ਰਧਾਨ ਨੇ ਅਮਰੀਕਾ 'ਚ
ਮਾਹਰਾਂ, ਪ੍ਰਮੁੱਖ ਕਾਰੋਬਾਰੀਆਂ ਅਤੇ ਸੰਸਦ ਮੈਂਬਰਾਂ ਨਾਲ ਅਪਣੀਆਂ ਬੈਠਕਾਂ 'ਚ
ਬੇਰੁਜ਼ਗਾਰੀ ਦਾ ਮਾਮਲਾ ਵਾਰ ਵਾਰ ਚੁਕਿਆ ਹੈ। ਪ੍ਰਿੰਸਟਨ 'ਚ ਵੀ ਅਪਣੇ ਸਵਾਲ-ਜਵਾਬ ਦਾ
ਜ਼ਿਆਦਾਤਰ ਹਿੱਸਾ ਰੁਜ਼ਗਾਰ ਉਤੇ ਕੇਂਦਰਤ ਰਿਹਾ। ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਅਤੇ
ਆਧੁਨਿਕੀਕਰਨ
ਨਾਲ ਰੁਜ਼ਗਾਰ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ। (ਪੀਟੀਆਈ)