
ਨਵੀਂ ਦਿੱਲੀ, 15 ਜਨਵਰੀ : ਭਾਰਤ ਅਤੇ ਇਜ਼ਰਾਈਲ ਵਿਚਕਾਰ ਸਾਈਬਰ ਸੁਰੱਖਿਆ ਅਤੇ ਊਰਜਾ ਖੇਤਰ ਸਮੇਤ ਅਹਿਮ ਖੇਤਰਾਂ ਵਿਚ ਤਾਲਮੇਲ ਵਧਾਉਣ ਲਈ ਨੌਂ ਸਮਝੌਤੇ ਹੋਏ ਹਨ। ਰਣਨੀਤਕ ਪੱਖੋਂ ਅਹਿਮ ਖੇਤਰਾਂ ਵਿਚ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵਿਚਕਾਰ ਡੂੰਘੀ ਵਿਚਾਰ-ਚਰਚਾ ਹੋਈ ਜਿਸ ਮਗਰੋਂ ਇਹ ਸਮਝੌਤੇ ਕੀਤੇ ਗਏ। ਦੋਹਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪਧਰੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਵਜ਼ਾਰਤ ਦੇ ਸੀਨੀਅਰ ਸਹਿਯੋਗੀ ਵੀ ਸਨ। ਉਨ੍ਹਾਂ ਸਾਂਝੇ ਹਿਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਤੇ ਇਜ਼ਰਾਈਲ ਸਬੰਧਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਉਧਰ, ਨੇਤਨਯਾਹੂ ਨੇ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕ੍ਰਾਂਤੀਕਾਰੀ ਨੇਤਾ ਹਨ। ਦੋਹਾਂ ਆਗੂਆਂ ਵਿਚਕਾਰ ਫ਼ਲਸਤੀਨ ਅਤੇ ਯਰੂਸ਼ਲਮ ਬਾਰੇ ਵੀ ਗੱਲਬਾਤ ਹੋਈ। ਇਜ਼ਰਾਈਲ ਨੇ ਭਾਰਤ ਸਾਹਮਣੇ ਫ਼ਲਸਤੀਨ ਅਤੇ ਯਰੂਸ਼ਲਮ ਦਾ ਮੁੱਦਾ ਚੁਕਿਆ ਜਿਸ 'ਤੇ ਭਾਰਤ ਨੇ ਵੀ ਅਪਣਾ ਪੱਖ ਰਖਿਆ। ਆਖ਼ਰ ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਕਿ ਇਸ ਮੁੱਦੇ 'ਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਅਸਰ ਨਹੀਂ ਪੈਣ ਦਿਤਾ ਜਾਵੇਗਾ।
ਦੋਹਾਂ ਆਗੂਆਂ ਨੇ ਅਤਿਵਾਦ ਨਾਲ ਸ਼ਾਂਤੀ ਅਤੇ ਸਥਿਰਤਾ ਨੂੰ ਪੈਦਾ ਹੋਣ ਵਾਲੇ ਗੰਭੀਰ ਖ਼ਤਰੇ ਬਾਰੇ ਵੀ ਚਰਚਾ ਕੀਤੀ ਅਤੇ ਦੁਹਰਾਇਆ ਕਿ ਕਿਸੇ ਵੀ ਕਾਰਨ ਅਤਿਵਾਦੀਆਂ ਦੇ ਕਾਰਿਆਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸਾਂਝੇ ਬਿਆਨ ਵਿਚ ਦੋਹਾਂ ਆਗੂਆਂ ਨੇ ਅਤਿਵਾਦ, ਅਤਿਵਾਦੀ ਜਥੇਬੰਦੀਆਂ ਅਤੇ ਅਤਿਵਾਦ ਨੂੰ ਸ਼ਹਿ ਦੇਣ ਵਾਲਿਆਂ ਵਿਰੁਧ ਸਖ਼ਤ ਪ੍ਰਾਵਧਾਨ ਦੀ ਹਮਾਇਤ ਕੀਤੀ। ਅਪਣੇ ਭਾਰਤ ਦੌਰੇ ਦੌਰਾਨ ਨੇਤਨਯਾਹੂ ਅਹਿਮਦਾਬਾਦ ਅਤੇ ਮੁੰਬਈ ਵੀ ਜਾਣਗੇ। ਉਹ ਛੇ ਦਿਨਾ ਦੌਰੇ 'ਤੇ ਕਲ ਭਾਰਤ ਆਏ ਸਨ। ਨੇਤਨਯਾਹੂ ਨਾਲ ਇਜ਼ਰਾਈਲ ਦੇ ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀਆਂ ਦਾ ਵਫ਼ਦ ਵੀ ਆਇਆ ਹੈ। ਐਤਵਾਰ ਨੂੰ ਜਦ ਨੇਤਨਯਾਹੂ ਭਾਰਤ ਪੁੱਜੇ ਸਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦਿਆਂ ਉਨ੍ਹਾਂ ਨੂੰ ਜੱਫੀ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਦੁਵੱਲੀ ਬੈਠਕ ਮਗਰੋਂ ਸਾਂਝੇ ਪੱਤਰਕਾਰ ਸੰਮੇਲਨ ਵਿਚ ਮੋਦੀ ਨੇ ਕਿਹਾ, 'ਅਸੀਂ ਅਪਣੇ ਲੋਕਾਂ ਦੇ ਜੀਵਨ ਨੂੰ ਸੰਵਾਰਨ ਵਾਲੇ ਖੇਤਰਾਂ ਵਿਚ ਤਾਲਮੇਲ ਵਧਾਵਾਂਗੇ।' ਇਨ੍ਹਾਂ ਖੇਤਰਾਂ ਵਿਚ ਖੇਤੀ, ਵਿਗਿਆਨ ਅਤੇ ਤਕਨੀਕ ਤੇ ਸੁਰੱਖਿਆ ਦੇ ਖੇਤਰ ਸ਼ਾਮਲ ਹਨ। ਰਖਿਆ ਖੇਤਰ ਵਿਚ ਮੈਂ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿਤਾ ਹੈ।'