
ਲੱਖਾਂ ਅਜ਼ਾਦੀ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਜਾ ਕੇ ਸਾਡੇ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਮਿਲੀ ਸੀ। ਭਾਵੇਂ ਕਿ ਇਸ ਅਜ਼ਾਦੀ ਸੰਘਰਸ਼ ਦੌਰਾਨ ਵੱਖੋ ਵੱਖ ਆਜ਼ਾਦੀ ਪ੍ਰਵਾਨਿਆਂ ਦੀ ਆਪੋ ਆਪਣੀ ਭੂਮਿਕਾ ਰਹੀ ਪਰ ਸਰਦਾਰ ਭਗਤ ਸਿੰਘ ਦਾ ਨਾਂਅ ਅਜ਼ਾਦੀ ਸੰਘਰਸ਼ ਦੇ ਇਤਿਹਾਸ ਵਿਚ ਪ੍ਰਮੁੱਖ ਤੌਰ 'ਤੇ ਲਿਆ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਹਸਦਿਆਂ ਆਪਣੀ ਜਾਨ ਵਾਰ ਦਿੱਤੀ। ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿਚ ਹੋਇਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।
ਇਸ ਤੋਂ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਚਲੇ ਗਏ। ਲਹੌਰ ਦੇ ਨੈਸ਼ਨਲ ਕਾਲਜ ਦੀ ਪਡ਼੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁਡ਼ ਗਏ ਸਨ। 1927 ਵਿੱਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮਡ਼੍ਹ ਦਿੱਤਾ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ 'ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਸਤੰਬਰ 1928 ਵਿੱਚ ਭਗਤ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਨੂੰ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉਦੇਸ਼ ਸੇਵਾ, ਤਿਆਗ ਅਤੇ ਦਰਦ ਸਹਿਣ ਕਰਨ ਵਾਲੇ ਨੌਜਵਾਨਾਂ ਨੂੰ ਆਜ਼ਾਦੀ ਦੀ ਲਡ਼ਾਈ ਲਈ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹਿਣ ਵਾਲੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ।
1907 ਵਿਚ ਲੋਕਾਂ ਵਿਚ ਸਿਆਸੀ ਜਾਗ ਆ ਰਹੀ ਸੀ ਅਤੇ ਇਸ ਦੇ ਨਾਲ ਹੀ ਨਹਿਰੀ ਕਲੋਨੀਆਂ ਬਾਰੇ ਕਾਨੂੰਨ ਪਾਸ ਕਰ ਕੇ ਅਤੇ ਅੰਗਰੇਜ਼ੀ ਸਰਕਾਰ ਦੇ ਖ਼ਿਲਾਫ਼ ਆਮ ਕਰ ਕੇ ਰੋਹ ਵੱਧ ਰਿਹਾ ਸੀ। ਲਾਲਾ ਲਾਜਪਤ ਰਾਏ ਵਕੀਲ ਨੇ ਵੀ 21-22 ਮਾਰਚ ਤੇ 6 ਅਪ੍ਰੈਲ, 1907 ਨੂੰ ਇਸ ਕਾਨੂੰਨ ਵਿਰੁੱਧ ਭਡ਼ਕਾਊ ਤਕਰੀਰਾਂ ਕੀਤੀਆਂ ਸਨ ਤੇ ਲੋਕਾਂ ਨੂੰ ਪਾਣੀ ਦੇ ਬਿਲ ਨਾ ਦੇਣ ਵਾਸਤੇ ਕਿਹਾ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਲਾਹੌਰ ਦੇ ਬਰੈਡਲਾ ਹਾਲ ਵਿਚ ਸਰਕਾਰ ਵਿਰੁੱਧ ਇਕ ਬਡ਼ੀ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁੱਝ ਪੰਜਾਬ ਦੇ ਗਵਰਨਰ ਨੇ ਅੰਗਰੇਜ਼ ਵਾਇਸਰਾਏ ਅਤੇ ਲੰਡਨ ਵਿਚ ਇੰਡੀਆ ਆਫ਼ਿਸ ਨੂੰ ਲਿਖ ਭੇਜਿਆ ਸੀ। ਸੀ.ਆਈ.ਡੀ. ਦੀਆਂ ਹਫ਼ਤਾਵਾਰ ਰਿਪੋਰਟਾਂ ਵਿਚ ਜ਼ਿਕਰ ਮਿਲਦਾ ਹੈ ਕਿ ਸਰਕਾਰ ਇਸ ਰੋਸ ਪ੍ਰਦਰਸ਼ਨ ਤੋਂ ਬਹੁਤ ਫ਼ਿਕਰਮੰਦ ਸੀ। ਅਖ਼ੀਰ ਸਰਕਾਰ ਨੇ ਫ਼ੈਸਲਾ ਕੀਤਾ ਕਿ 1818 ਦੇ ਐਕਟ ਹੇਠ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਨਜ਼ਰਬੰਦ ਕਰ ਦਿਤਾ ਜਾਵੇ। ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ 3 ਜੂਨ, 1907 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੰਜਾਬ ਤੋਂ ਬਾਹਰ ਮਾਂਡਲੇ (ਹੁਣ ਬਰਮਾ) ਭੇਜ ਦਿੱਤਾ ਗਿਆ।
ਇਸ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਦਾ ਖੂਨੀ ਕਾਂਡ ਹੋਇਆ, ਉਸ ਵੇਲੇ ਭਗਤ ਸਿੰਘ ਕਰੀਬ 12 ਸਾਲ ਦੇ ਸਨ। ਇਸਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜਲ੍ਹਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਕ੍ਰਾਂਤੀਕਾਰੀ ਕਿਤਾਬਾਂ ਪਡ਼੍ਹਦੇ ਅਤੇ ਸੋਚਦੇ ਸਨ ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ? ਮਹਾਤਮਾ ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਛਿਡ਼ਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮਹਾਤਮਾ ਗਾਂਧੀ ਜੀ ਦੇ ਅਸਿਹਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ ਉਨ੍ਹਾਂ ਅੰਦਰ ਇੱਕ ਤਰ੍ਹਾਂ ਦੇ ਰੋਸ ਨੇ ਜਨਮ ਲਿਆ ਅਤੇ ਓਡ਼ਕ ਉਨ੍ਹਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ। ਇਸ ਤੋਂ ਇਲਾਵਾ ਗਦਰ ਪਾਰਟੀ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਗ਼ਦਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਸਨ। ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿਚੋਂ ਸਿਰਕੱਢ ਆਗੂ ਬਣ ਗਏ। ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਗਵਤੀ ਚਰਨ ਵੋਹਰਾ ਆਦਿ ਸਨ।
ਭਗਤ ਸਿੰਘ ਦੇ ਵੱਡੇ-ਵਡੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਬੰਗੇ ਦੇ ਨੇਡ਼ਲੇ ਪਿੰਡ ਖਟਕਡ਼ ਕਲਾਂ ਵਿੱਚ ਆ ਵੱਸਿਆ ਸੀ। ਨਾਰਲੀ ਪਿੰਡ ਦੇ ਜ਼ਿਮੀਂਦਾਰ ਸੰਧੂ-ਜੱਟ ਸਨ ਅਤੇ ਭਗਤ ਸਿੰਘ ਦੇ ਪਰਿਵਾਰ ਦੀ ਵੀ ਇਹੀ ਜਾਤ-ਗੋਤ ਸੀ। ਭਗਤ ਸਿੰਘ ਦੇ ਦਾਦਾ ਸ. ਅਰਜਨ ਸਿੰਘ ਨੇ 1898 ਵਿੱਚ ਨਵੀਂ ਨਹਿਰੀ ਅਬਾਦੀ ਲਾਇਲਪੁਰ ਦੇ ਪਿੰਡ ਚੱਕ ਬੰਗਾ ਵਿੱਚ ਅੰਗਰੇਜ਼ੀ ਹਕੂਮਤ ਦੀ ਪੰਝੀ ਏਕਡ਼ ਜ਼ਮੀਨ ਅਲਾਟ ਕਰਨ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਸੀ। ਜਦੋਂ ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਨੇ 1917-18 ’ਚ ਲਾਹੌਰ ਦੇ ਬਾਹਰਵਾਰ ਇੱਕ ਛੋਟੇ ਪਿੰਡ ਖਵਾਸਰੀਆਂ ਵਿੱਚ ਜ਼ਮੀਨ ਖਰੀਦ ਲਈ ਤੇ ਸਾਰਾ ਟੱਬਰ ਉੱਥੇ ਰਹਿਣ ਲੱਗ ਪਿਆ। ਸ਼ਹੀਦ ਭਗਤ ਸਿੰਘ ਦੇ ਅਦਾਲਤੀ ਰਿਕਾਰਡ ਵਿੱਚ ਉਨ੍ਹਾਂ ਦੇ ਪਿੰਡ ਵਾਲੇ ਮਕਾਨ ਦੀ ਤਲਾਸ਼ੀ ਦਾ ਗਵਾਹ (ਸਰਕਾਰੀ ਗਵਾਹ ਨੰਬਰ 401) ਵੀ ਪਿੰਡ ਚਮਰੂਪੁਰ ਦਾ ਦਿਲ ਮੁਹੰਮੱਦ ਨੰਬਰਦਾਰ ਸੀ। ਸ਼ਹੀਦ ਦੇ ਮਾਤਾ ਜੀ ਸ੍ਰੀਮਤੀ ਵਿਦਿਆਵਤੀ ਦੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਉਚੇਚੇ ਤੌਰ ’ਤੇ ਜ਼ਿਕਰ ਕੀਤੈ ਕਿ ‘‘ਬੇਬੇ ਜੀ ਮੇਰੀ ਫਾਂਸੀ ਪਿੱਛੋਂ ਤੁਸੀਂ ਬੰਗੇ ਚਲੇ ਜਾਇਉ, ਤੁਹਾਨੂੰ ਇੱਥੇ ਕਿਸੇ ਨੇ ਨਹੀਂ ਵਸਣ ਦੇਣਾ।’’ ਪਿੱਛੋਂ ਇਹ ਜ਼ਮੀਨ ਸ. ਕਿਸ਼ਨ ਸਿੰਘ ਨੇ 1947 ਵੇਲੇ ਦੇ ਬਦਲਦੇ ਹਾਲਾਤ ਵਿੱਚ ਉਸ ਸਾਲ ਦੇ ਸ਼ੁਰੂ ਵਿੱਚ ਹੀ ਕਿਸੇ ਮੁਸਲਮਾਨ ਨੂੰ ਵੇਚ ਦਿੱਤੀ ਸੀ। ਭਗਤ ਸਿੰਘ ਬਾਰੇ ਸਾਰੀਆਂ ਸਰਕਾਰੀ ਦਸਤਾਵੇਜ਼ਾਂ ਵਿੱਚ ਉਹਦਾ ਪਿੰਡ ਖੁਆਸਰੀਆਂ ਲਾਹੌਰ ਹੀ ਦਰਜ ਹੈ।
1928 ਵਿੱਚ ਸਾਈਮਨ ਕਮਿਸ਼ਨ ਆਇਆ ਅਤੇ ਇਸਦੇ ਦੇ ਬਾਈਕਾਟ ਲਈ ਜ਼ੋਰਦਾਰ ਮੁਜ਼ਾਹਰੇ ਹੋਏ। ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਤ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਵਿੱਚ ਭਾਗ ਲੈਣ ਵਾਲਿਆਂ 'ਤੇ ਅੰਗਰੇਜ਼ ਸੁਪਰਡੈਂਟ ਅਫ਼ਸਰ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਮੌਤ ਹੋ ਗਈ। ਇਸ ਸੰਬੰਧੀ ਸੰਸਦ ਵਿੱਚ ਵੀ ਕਾਫ਼ੀ ਬਹਿਸ ਹੋਈ।
ਇੱਕ ਗੁਪਤ ਯੋਜਨਾ ਦੇ ਤਹਿਤ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਸੋਚੀ। ਸਕਾਟ ਦੀ ਜਗ੍ਹਾ ਸਾਂਡਰਸ ਨੂੰ ਮਾਰਨ ਦੀ ਇਹ ਘਟਨਾ 17 ਦਸੰਬਰ 1928 ਨੂੰ ਲਾਹੌਰ ਦੇ ਜ਼ਿਲ੍ਹਾ ਪੁਲਿਸ ਦਫ਼ਤਰ ਸਾਹਮਣੇ ਵਾਪਰੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਗਾ ਕੇ ਖਡ਼੍ਹ ਗਏ। ਉੱਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ। ਅੰਦਰੋਂ ਸਕਾਟ ਦੀ ਥਾਂ ਅੰਗਰੇਜ਼ ਅਫ਼ਸਰ ਜਾਨ ਪੀ. ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰੰਤ ਬਾਅਦ ਉਹ ਹੋਸ਼ ਖੋ ਬੈਠਾ। ਇਸ ਤੋਂ ਬਾਅਦ ਭਗਤ ਸਿੰਘ ਨੇ 3-4 ਗੋਲੀਆਂ ਦਾਗ ਕੇ ਉਸ ਨੂੰ ਖ਼ਤਮ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ।
ਭਗਤ ਸਿੰਘ ਮੂਲ ਤੌਰ ’ਤੇ ਖੂਨਖਰਾਬੇ ਦੇ ਹਾਮੀ ਨਹੀਂ ਸਨ। ਉਹ ਕਾਰਲ ਮਾਰਕਸ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸਨ। ਅੰਗਰੇਜ਼ਾਂ ਵੱਲੋਂ ਦੇਸ਼ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਸੀ। ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ-ਨਾਲ ਹਿੰਦ ਵਾਸੀਆਂ ਨੂੰ ਝੰਜੋਡ਼ਨ ਲਈ ਦਿੱਲੀ ਅਸੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾਈ। ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਦੇ ਆਗੂਆਂ ਦੀ ਬਹੁ ਗਿਣਤੀ ਉਨ੍ਹਾਂ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ 'ਤੇ ਬਚਾ ਕੇ ਰੱਖਣ ਦੇ ਹੱਕ ਵਿੱਚ ਸੀ ਪਰ ਆਪਣੇ ਬਹੁਤ ਹੀ ਕਰੀਬੀ ਮਿੱਤਰ ਸੁਖਦੇਵ ਦੇ ਤਾਅਨਿਆਂ ਕਾਰਨ ਭਗਤ ਸਿੰਘ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ। ਯੋਜਨਾ ਦੇ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੰਬਲੀ ਵਿੱਚ ਇਨ੍ਹਾਂ ਦੋਨਾਂ ਨੇ ਇੱਕ ਖਾਲੀ ਥਾਂ 'ਤੇ ਬੰਬ ਸੁੱਟ ਦਿੱਤਾ। ਪੂਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਂਸੀ ਕਬੂਲ ਹੈ। ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਕੀਤਾ ਹੋਇਆ ਸੀ। ਬੰਬ ਫਟਣ ਦੇ ਬਾਅਦ ਉਨ੍ਹਾਂ ਨੇ ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸਦੇ ਕੁੱਝ ਹੀ ਦੇਰ ਬਾਅਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਰਦਾਰ ਭਗਤ ਸਿੰਘ ਨੇ ਜੇਲ੍ਹ ਵਿੱਚ ਕਰੀਬ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲਡ਼ਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁਡ਼ੇ ਰਹੇ। ਉਨ੍ਹਾਂ ਦੀ ਪਡ਼੍ਹਾਈ ਵੀ ਜਾਰੀ ਰਹੀ। ਇਸੇ ਦੌਰਾਨ ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹਡ਼ਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਸ਼ਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ।
ਉਨ੍ਹਾਂ 'ਤੇ ਲਾਹੌਰ ਦੀ ਅਦਾਲਤ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਕਰਨ ਆਦਿ ਦੇ ਕੇਸ ਚੱਲੇ। ਇਸ ਤੋਂ ਬਾਅਦ 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਆਇਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ; ਕਮਲਨਾਥ ਤਿਵਾਡ਼ੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਆਖਰਕਾਰ 23 ਮਾਰਚ 1931 ਨੂੰ ਭਗਤ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ
ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭਡ਼ਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾਂ ਦੇ ਟੁਕਡ਼ੇ ਕੀਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰ ਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕਡ਼ੇ ਸਤਲੁਜ ਨਦੀ ਵਿੱਚ ਸੁੱਟ ਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕਡ਼ਿਆਂ ਨੂੰ ਇਕੱਠਾ ਕਰਕੇ ਪੂਰੀਆਂ ਰਮਮਾਂ ਦੇ ਨਾਲ ਦਾਹ ਸਸਕਾਰ ਕੀਤਾ। ਇਨ੍ਹਾਂ ਅਜ਼ਾਦੀ ਪ੍ਰਵਾਨਿਆਂ ਦਾ ਨਾਂਅ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।