
ਨਵੀਂ ਦਿੱਲੀ, 1 ਜਨਵਰੀ : ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਦਸਿਆ ਕਿ ਜਨਤਕ ਖੇਤਰ ਦੀ ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓਐਨਜੀਸੀ) ਨੇ ਅਰਬ ਸਾਗਰ ਵਿਚ ਪੈਂਦੇ ਅਪਣੇ ਪ੍ਰਮੁੱਖ ਫ਼ੀਲਡ ਮੁੰਬਈ ਹਾਈ ਵਿਚ ਤੇਲ ਅਤੇ ਗੈਸ ਦੇ ਨਵੇਂ ਸ੍ਰੋਤਾਂ ਦੀ ਖੋਜ ਕੀਤੀ ਹੈ। ਇਸ ਨੂੰ ਵੱਡੀ ਪ੍ਰਾਪਤੀ ਦਸਿਆ ਜਾ ਰਿਹਾ ਹੈ। ਲੋਕ ਸਭਾ ਵਿਚ ਸਵਾਲਾਂ ਦੇ ਲਿਖਤੀ ਜਵਾਬ ਵਿਚ ਪ੍ਰਧਾਨ ਨੇ ਕਿਹਾ ਕਿ ਇਹ ਖੋਜ ਮੁੰਬਈ ਹਾਈ ਫ਼ੀਲਡ ਦੇ ਪੱਛਮ ਵਿਚ ਪੈਂਦੇ ਖੂਹ ਡਬਲਿਊ 24-3 ਵਿਚ ਕੀਤੀ ਗਈ ਹੈ।
ਭਾਵੇਂ ਸੰਸਦ ਵਿਚ ਅੱਜ ਛੁੱਟੀ ਸੀ ਪਰ ਇਸ ਜਵਾਬ ਨੂੰ ਲੋਕ ਸਭਾ ਦੀ ਵੈਬਸਾਈਟ 'ਤੇ ਪਾਇਆ ਗਿਆ ਹੈ। ਮੰਤਰੀ ਨੇ ਕਿਹਾ, 'ਪੁਟਾਈ ਦੌਰਾਨ ਨੌਂ ਖੇਤਰਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੀ ਪਰਖ ਕਰਨ ਮਗਰੋਂ ਤੇਲ, ਗੈਸ ਦਾ ਪ੍ਰਵਾਹ ਦਿਸਿਆ। ਖੋਜ ਤੋਂ ਇਹ ਸੰਕੇਤ ਮਿਲਦਾ ਹੈ ਕਿ ਖੇਤਰ ਵਿਚ ਕਰੀਬ 2.97 ਕਰੋੜ ਟਨ ਤੇਲ ਅਤੇ ਤੇਲ ਨਾਲ ਮਿਲਦੀ ਗੈਸ ਦਾ ਭੰਡਾਰ ਹੈ। ਮੁੰਬਈ ਹਾਈ ਦੇਸ਼ ਦਾ ਸੱਭ ਤੋਂ ਵੱਡਾ ਤੇਲ ਖੇਤਰ ਹੈ। ਇਥੋਂ ਫ਼ਿਲਹਾਲ 205,000 ਬੈਰਲ ਤੇਲ ਹਰ ਰੋਜ਼ (ਇਕ ਕਰੋੜ ਟਨ ਸਾਲਾਨਾ ਤੋਂ ਥੋੜਾ ਜ਼ਿਆਦਾ) ਉਤਪਾਦਨ ਹੋ ਰਿਹਾ ਹੈ। ਨਵੀਂ ਖੋਜ ਨਾਲ ਉਤਪਾਦਨ ਦੋ ਸਾਲ ਤੋਂ ਘੱਟ ਸਮੇਂ ਵਿਚ ਹੋਣ ਦੀ ਸੰਭਾਵਨਾ ਹੈ। ਓਐਨਜੀਸੀ ਨੇ 2016-17 ਵਿਚ 2.55 ਕਰੋੜ ਟਨ ਤੇਲ ਦਾ ਉਤਪਾਦਨ ਕੀਤਾ ਜਿਸ ਦੇ 2019-20 ਵਿਚ 2.8 ਤੋਂ 2.9 ਕਰੋੜ ਟਨ ਪਹੁੰਚ ਜਾਣ ਦਾ ਅਨੁਮਾਨ ਹੈ। (ਏਜੰਸੀ)