ਅਕਾਲੀ ਦਲ ਨੂੰ ‘ਪੰਥਕ’ ਦੀ ਬਜਾਏ ‘ਪੰਜਾਬੀ’ ਪਾਰਟੀ ਬਣਾਉਣ ਮਗਰੋਂ ਪੰਥਕ ਸੋਚ ਵਾਲੀ ਅਖ਼ਬਾਰ ਵੀ ਕੋਈ ਨਾ ਰਹਿ ਜਾਏ, ਇਹ ਤਹਈਆ ਵੀ ਕਰ ਲਿਆ ਗਿਆ
Published : Sep 21, 2025, 8:39 am IST
Updated : Sep 21, 2025, 8:39 am IST
SHARE ARTICLE
Akali Dal Nijjar Dairy De Panne
Akali Dal Nijjar Dairy De Panne

ਗੱਲ ਕੋਈ ਲੜਾਈ ਵਾਲੀ ਨਹੀਂ ਸੀ ਪਰ ਦੂਰੀਆਂ ਵਧਦੀਆਂ ਹੀ ਗਈਆਂ 

Akali Dal Nijjar Dairy De Panne: ਪਿਛਲੀਆਂ ਕਿਸ਼ਤਾਂ ਵਿਚ ਅਸੀ ਵੇਖਿਆ ਸੀ ਕਿ ਅਕਾਲੀ ਦਲ ਨੂੰ ‘ਪੰਥਕ’ ਦੀ ਬਜਾਏ ‘ਪੰਜਾਬੀ’ ਪਾਰਟੀ ਬਣਾ ਦੇਣ ਮਗਰੋਂ ਪੰਥਕ ਸੋਚ ਵਾਲੇ ਲੀਡਰਾਂ, ਪ੍ਰਚਾਰਕਾਂ, ਮਿਸ਼ਨਰੀਆਂ, ਜਥੇਦਾਰਾਂ ਤੇ ਹੋਰਨਾਂ ਨੂੰ ਗੁਮਨਾਮੀ ਵਿਚ ਸੁੱਟਣ ਦਾ ਇਕ ਸਰਕਾਰੀ ਅੰਦੋਲਨ ਹੀ ਸ਼ੁਰੂ ਕਰ ਦਿਤਾ ਗਿਆ। ਜਿਹੜਾ ਕੋਈ ਅੜਦਾ, ਉਸ ਨੂੰ ਝਾੜ ਕੇ ਸੁਟ ਦੇਣ ਦੀ ਰੀਤ ਚਲਾ ਦਿਤੀ ਗਈ। ‘ਪੰਥਕ’ ਅਖ਼ਬਾਰ ਉਸ ਵੇਲੇ ਇਕੋ ਇਕ ਹੀ ਸੀ -- ਸਪੋਕਸਮੈਨ। 1994 ਵਿਚ ਇਸ ਨੂੰ ਦਿੱਲੀ ਤੋਂ ਲਿਆ ਕੇ, ਚੰਡੀਗੜ੍ਹ ਤੋਂ ਛਾਪਣਾ ਸ਼ੁਰੂ ਕੀਤਾ ਗਿਆ ਤਾਂ ਪਹਿਲਾ ਪਰਚਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਸੈਕਟਰ 34 ਦੇ ਗੁਰਦਵਾਰੇ ਵਿਚ ਜਾਰੀ ਕੀਤਾ। ਗੜਬੜ ਉਸ ਦਿਨ ਹੀ ਹੋ ਗਈ। ਬਾਦਲ ਸਾਹਬ ਮੈਨੂੰ ਕਹਿਣ ਲੱਗੇ, ‘‘ਚੰਗਾ ਹੋਇਆ, ਇਹ ਪਰਚਾ ਤੁਹਾਡੇ ਕੋਲ ਆ ਗਿਐ।

ਇਸ ਨੂੰ ਹੁਣ ਅਸੀ ਅਪਣਾ ਹੀ ਪਰਚਾ ਸਮਝਾਂਗੇ।’’ ਇਸ ਨੂੰ ਮੇਰੇ ਸੁਭਾਅ ਦੀ ਖ਼ਰਾਬੀ ਆਖੋ ਜਾਂ ਕੁੱਝ ਹੋਰ ਪਰ ਮੈਂ ਅਜਿਹੇ ਮੌਕਿਆਂ ’ਤੇ ਵੀ ਸੱਚ ਬੋਲਣੋਂ ਨਹੀਂ ਰਹਿੰਦਾ ਜਾਂ ਸੱਚ ਆਪੇ ਹੀ ਮੇਰੇ ਮੂੰਹ ’ਚੋਂ ਫੁਟ ਪੈਂਦਾ ਹੈ। ਕੋਈ ਸਮਝਦਾਰ ਬੰਦਾ ਹੁੰਦਾ ਤਾਂ ਕਹਿ ਦੇਂਦਾ, ‘‘ਹਾਂ ਜੀ ਹਾਂ ਜੀ, ਤੁਹਾਡਾ ਹੀ ਅਖ਼ਬਾਰ ਐ ਜੀ।’’ ਪਰ ਮੈਂ ਇਕਦੰਮ ਬੋਲ ਪਿਆ, ‘‘ਨਾ ਬਾਦਲ ਸਾਹਿਬ, ਇਹ ਕਿਸੇ ਪਾਰਟੀ ਦਾ ਪਰਚਾ ਨਹੀਂ ਹੋਵੇਗਾ, ਕੇਵਲ ਪੰਥ ਦਾ ਪਰਚਾ ਹੋਵੇਗਾ ਤੇ ਤੁਸੀ ਵੀ ਕੋਈ ਗ਼ਲਤ ਗੱਲ ਕਰੋਗੇ ਤਾਂ ਤੁਹਾਨੂੰ ਵੀ ਟੋਕ ਦੇਵੇਗਾ।’’

ਬਾਦਲ ਸਾਹਿਬ ਦਾ ਰੰਗ ਪੀਲਾ ਪੈ ਗਿਆ। ਉਹ ਬੋਲੇ ਤਾਂ ਕੁੱਝ ਨਾ ਪਰ ਪਰਚਾ ਜਾਰੀ ਕਰਨ ਸਮੇਂ, ਉਨ੍ਹਾਂ ਨੇ ਸਟੇਜ ਤੇ ਜਾ ਕੇ ਜੋ ਕਿਹਾ, ਉਸ ਨੂੰ ਸੁਣ ਕੇ, ਮੇਰੇ ਨਾਲ ਬੈਠਾ ਆਈ.ਏ.ਐਸ. ਅਫ਼ਸਰ ਮੈਨੂੰ ਪੁੱਛਣ ਲਗਾ, ‘‘ਬਾਦਲ ਸਾਹਿਬ ਤੁਹਾਡੀ ਵਿਰੋਧਤਾ ਕਰ ਰਹੇ ਨੇ ਜਾਂ ਤੁਹਾਡੇ ਹੱਕ ਵਿਚ ਬੋਲ ਰਹੇ ਨੇ?’’ ਬਾਦਲ ਸਾਹਿਬ ਨਪੇ ਤੁਲੇ ਸ਼ਬਦਾਂ ਵਿਚ ਕਹਿ ਰਹੇ ਸਨ ਕਿ ਸਪੋਕਸਮੈਨ ਦੇ ਆ ਜਾਣ ਨਾਲ ਕੋਈ ਇਨਕਲਾਬ ਨਹੀਂ ਆ ਜਾਣਾ ਤੇ ਅੱਗੇ ਵੀ ਕਈ ਆਏ ਤੇ ਕਈ ਬੰਦ ਹੋ ਗਏ ਵਗ਼ੈਰਾ ਵਗ਼ੈਰਾ।

ਉਸ ਪਹਿਲੇ ਦਿਨ ਤੋਂ ਹੀ ਮੈਨੂੰ ਸਮਝ ਆ ਗਈ ਕਿ ਇਨ੍ਹਾਂ ‘ਹਾਕਮਾਂ’ ਨੂੰ ਪੰਥ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਉਹ ਤਾਂ ਅਪਣੇ ਪਿਛੇ ਲੂਰ ਲੂਰ ਕਰਨ ਵਾਲੇ ਤੇ ਦੁਮ ਹਿਲਾਉਂਦੇ ਰਹਿਣ ਵਾਲੇ ਨੂੰ ਹੀ ਅਪਣਾ ਭਰੋਸੇਯੋਗ ਬੰਦਾ ਮੰਨਦੇ ਨੇ। ਮੈਂ ਪਰਚੇ ਵਿਚ ਲਿਖ ਕੇ ਐਲਾਨ ਕਰ ਦਿਤਾ ਕਿ ਜਦ ਤਕ ਮਾਸਕ ਸਪੋਕਸਮੈਨ, ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ, ਮੈਂ ਇਕ ਪੈਸੇ ਦਾ ਵੀ ਸਰਕਾਰੀ ਇਸ਼ਤਿਹਾਰ ਇਸ ਵਿਚ ਨਹੀਂ ਛਾਪਾਂਗਾ। ਇਸ ਤੋਂ ਉਨ੍ਹਾਂ ਨੇ ਇਹੀ ਅੰਦਾਜ਼ਾ ਲਾਇਆ ਕਿ ਇਹ ਪਰਚਾ ਖੁਲ੍ਹ ਕੇ ਸਰਕਾਰ ਦੀ ਵਿਰੋਧਤਾ ਕਰਨ ਲਈ ਸਰਕਾਰੀ ਇਸ਼ਤਿਹਾਰ ਨਾ ਲੈਣ ਦੀ ਗੱਲ ਕਰ ਰਿਹਾ ਹੈ। ਇਹ ਠੀਕ ਨਹੀਂ ਸੀ ਪਰ ਸਾਡੀਆਂ ਦੂਰੀਆਂ ਵਧਦੀਆਂ ਹੀ ਗਈਆਂ ਤੇ ਅਖ਼ੀਰ ਜਦ ਮੈਂ ਨਵੰਬਰ 2003 ਵਿਚ, ਚਾਰ ਹੋਰ ਸਾਥੀਆਂ ਨਾਲ ਰਲ ਕੇ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਛੇਕੇ ਜਾਣ ਵਿਰੁਧ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਤਾਂ ਕਨਵੈਨਸ਼ਨ ਵਿਚ ਹਜ਼ਾਰਾਂ ’ਚੋਂ ਕੇਵਲ ਮੈਨੂੰ ਹੀ ਪੁਜਾਰੀਆਂ ਕੋਲ ਪੇਸ਼ ਹੋਣ ਲਈ ਕਿਹਾ ਗਿਆ। ਪਾਠਕਾਂ ਨੂੰ ਪਤਾ ਹੈ, ਕੁੱਝ ਹੀ ਮਹੀਨਿਆਂ ਬਾਅਦ ਮੈਨੂੰ ਵੀ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਵਾਂਗ ਹੀ ਛੇਕ ਦਿਤਾ ਗਿਆ ਪਰ ਮੈਂ ਐਲਾਨ ਕਰ ਦਿਤਾ ਕਿ ਮਾਸਕ ਸਪੋਕਸਮੈਨ ਹੁਣ  ‘ਰੋਜ਼ਾਨਾ ਸੋਪਸਕਮੈਨ’ ਦੇ ਰੂਪ ਵਿਚ ਇਕ ਸਾਲ ਦੇ ਅੰਦਰ ਜ਼ਰੂਰ ਚਾਲੂ ਕਰ ਦਿਤਾ ਜਾਏਗਾ। 

ਬਸ ਫਿਰ ਬਾਦਲਾਂ ਵਲੋਂ ਜਲੰਧਰ ਦੇ ਇਕ ਅਖ਼ਬਾਰ ਨੇ ਕਮਾਨ ਸੰਭਾਲ ਲਈ ਕਿ ਰੋਜ਼ਾਨਾ ਸਪੋਕਸਮੈਨ ਨੂੰ ਜਾਰੀ ਨਹੀਂ ਹੋਣ ਦੇਣਾ, ਭਾਵੇਂ ਕੁੱਝ ਵੀ ਕਰਨਾ ਪਵੇ। ਮੈਂ ਅਖ਼ਬਾਰ ਤਾਂ ਪਹਿਲੀ ਦਸੰਬਰ 2005 ਨੂੰ ਕੱਢ ਦਿਤੀ ਪਰ ਉਸੇ ਦਿਨ ਸ਼ਾਮ ਤਕ ਸ਼੍ਰੋਮਣੀ ਕਮੇਟੀ ਦੇ ਪ੍ਰੈਸ ਸਕੱਤਰ ਕੋਲੋਂ ‘ਹੁਕਮਨਾਮਾ’ ਜਾਰੀ ਕਰਵਾ ਦਿਤਾ ਗਿਆ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਨਾ ਹੀ ਕੋਈ ਹੋਰ ਸਹਿਯੋਗ ਹੀ ਦੇਵੇ। 10 ਸਾਲ ਤਕ ਸਰਕਾਰੀ ਇਸ਼ਤਿਹਾਰ ਦੇਣ ਤੇ ਮੁਕੰਮਲ ਪਾਬੰਦੀ ਲਾਈ ਰੱਖੀ ਗਈ। ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ’ਤੇ ਪਾਬੰਦੀ 18 ਸਾਲ ਬਾਅਦ ਅਜੇ ਵੀ ਜਾਰੀ ਹੈ। ਕੁਲ 150-200 ਕਰੋੜ ਦਾ, ਅਖ਼ਬਾਰ ਦਾ ਨੁਕਸਾਨ, ਇਸ ਮਾਮਲੇ ਵਿਚ ਹੀ ਕੀਤਾ ਗਿਆ।

ਪ੍ਰਾਈਵੇਟ ਪਾਰਟੀਆਂ ਨੂੰ ਵੀ ਰੋਕਿਆ ਗਿਆ। ਫਿਰ ਸਾਡੇ ਪੱਤਰਕਾਰਾਂ ਨੂੰ ਪ੍ਰੈਸ ਕਾਨਫ਼ਰੰਸਾਂ ’ਚੋਂ ਧੱਕੇ ਮਾਰ ਕੇ ਬਾਹਰ ਕਢਿਆ ਜਾਣ ਲੱਗਾ। ਮੇਰੇ ਉਤੇ ਪੁਲਿਸ ਕੇਸ ਪੰਜਾਬ ਦੇ ਕੋਨੇ ਕੋਨੇ ਵਿਚ ਪਾ ਦਿਤੇ ਗਏ ਤਾਕਿ ਅਦਾਲਤੀ ਚੱਕਰਾਂ ਵਿਚ ਫੱਸ ਕੇ ਹੀ ਮੈਂ ਹਾਰ ਮੰਨ ਲਵਾਂ। ਫਿਰ ਪੰਜਾਬ ਵਿਚ ਇਕੋ ਦਿਨ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰਾਂ ਉਤੇ ਹਮਲੇ ਕਰਵਾ ਕੇ ਵੱਡੀ ਭੰਨ ਤੋੜ ਕੀਤੀ ਗਈ ਤਾਕਿ ਸਾਨੂੰ ਵੀ ਸਮਝ ਆ ਜਾਏ ਕਿ ਉਨ੍ਹਾਂ ਨੇ ਅਖ਼ਬਾਰ ਚਲਣ ਨਹੀਂ ਦੇਣੀ। ਉਸ ਜ਼ੁਲਮ ਦੇ ਦੌਰ ਨੂੰ ਯਾਦ ਕਰੀਏ ਤਾਂ ਲਗਦਾ ਹੈ ਕਿ ਲੋਕ-ਰਾਜੀ ਦੇਸ਼ਾਂ ਵਿਚ ਪ੍ਰੈਸ ਦੀ ਆਵਾਜ਼ ਬੰਦ ਕਰਵਾਉਣ ਲਈ ਵੱਧ ਤੋਂ ਵੱਧ ਜ਼ੁਲਮ ਕਰਨ ਦਾ ‘ਗੋਲਡ ਮੈਡਲ’ ਵੀ ਸਾਡੀ ਬਾਦਲ ਸਰਕਾਰ ਹੀ ਲੈਣ ਦੀ ਹੱਕਦਾਰ ਬਣ ਜਾਂਦੀ ਹੈ। ਪਰ ਏਨੇ ਜ਼ੁਲਮ ਦਾ ਕਾਰਨ ਕੀ ਸੀ? ਕੀ ਮੈਂ ਬਾਦਲਾਂ ਦੀ ਸਰਕਾਰ ਵਿਰੁਧ ਗੰਦੀ ਜਾਂ ਮਾੜੀ ਸ਼ਬਦਾਵਲੀ ਵਰਤਦਾ ਸੀ ਜਾਂ ਉਨ੍ਹਾਂ ਦੇ ਆਚਰਣ ’ਤੇ ਕੋਈ ਨਿਜੀ ਇਲਜ਼ਾਮਬਾਜ਼ੀ ਕਰਦਾ ਸੀ?

ਨਹੀਂ, ਸਪੋਕਸਮੈਨ ਵਿਚ ਅਸੀ ਨਿਜੀ ਗੱਲਾਂ ਬਾਰੇ ਕਦੇ ਨਹੀਂ ਲਿਖਿਆ, ਸਿਧਾਂਤਕ ਮਾਮਲਿਆਂ ਬਾਰੇ ਹੀ ਲਿਖਦੇ ਹਾਂ ਤੇ ਸਹੀ ਤੱਥ ਹੀ ਤਰਤੀਬ ਨਾਲ ਪਾਠਕਾਂ ਅੱਗੇ ਰਖਦੇ ਹਾਂ ਜਿਸ ਦੀ ਉਨ੍ਹਾਂ ਨੂੰ ਝੱਟ ਸਮਝ ਆ ਜਾਂਦੀ ਹੈ। ਦੂਜੀ ਗੱਲ, ਅਸੀ ਕੇਵਲ ਇਹ ਲਿਖਦੇ ਹਾਂ ਕਿ ਬਾਦਲ ਹੋਣ ਜਾਂ ਕੋਈ ਹੋਰ, ਅਕਾਲੀ ਦਲ ਕੇਵਲ ਅਕਾਲ ਤਖ਼ਤ ਤੇ ਬਣਾਈ ਗਈ ਇਕ ਪੰਥਕ ਪਾਰਟੀ ਵਜੋਂ ਹੀ ਰਹਿਣ ਦੇਣੀ ਚਾਹੀਦੀ ਹੈ ਤੇ ਇਸ ਉਤੇ ਪੰਥ ਦੀ ਮਾਲਕੀ ਦਾ ਹੱਕ ਹੀ ਬਰਕਰਾਰ ਰਖਿਆ ਜਾਣਾ ਚਾਹੀਦਾ ਹੈ। ਇਹ ਸੱਚ ਹੀ ਉਨ੍ਹਾਂ ਨੂੰ ਬੁਰਾ ਲਗਦਾ ਹੈ। ਦੱਸੋ ਅਸੀ ਅਪਣਾ ਫ਼ਰਜ਼ ਪੂਰਾ ਕਰ ਕੇ ਕੀ ਗ਼ਲਤੀ ਕਰਦੇ ਹਾਂ ਤੇ ਇਹ ਕੋਈ ਲੜਨ ਮਰਨ ਵਾਲੀ ਗੱਲ ਹੈ? ਇਹ ਸਿਧਾਂਤ ਦੀ ਗੱਲ ਹੈ। ਜਾਂ ਸਾਡੀ ਗੱਲ ਸਮਝ ਲਉ ਜਾਂ ਸਾਨੂੰ ਸਮਝਾ ਦਿਉ। ਗੱਲ ਵਿਚਾਰਾਂ ਦੇ ਮਤਭੇਦਾਂ ਤਕ ਹੀ ਰਹਿਣੀ ਚਾਹੀਦੀ ਹੈ ਪਰ ਉਹ ਤਾਂ ਕਹਿੰਦੇ ਹਨ, ਜਿਹੜਾ ਸਾਡੀ ਵਿਰੋਧਤਾ ਕਰੇਗਾ, ਉਸ ਨੂੰ ਅਸੀ ਪੰਜਾਬ ਵਿਚ ਰਹਿਣ ਹੀ ਨਹੀਂ ਦੇਣਾ। ਚਲੋ, ਇਤਿਹਾਸ ਵਿਚ ਅਪਣਾ ਨਾਂ ਹੀ ਖ਼ਰਾਬ ਕਰ ਰਹੇ ਹਨ। ਪਰ ਪੰਥ ਦੀ ਇਕੋ ਇਕ ਅਖ਼ਬਾਰ ਉਤੇ ਹੋਏ ਜ਼ੁਲਮ ਵਲ ਵੇਖ ਕੇ ਸਾਡੇ ਵਿਦਵਾਨਾਂ ਤੇ ਪੰਥਕ ਜਥੇਬੰਦੀਆਂ ਵਾਲਿਆਂ ਦਾ ਕੀ ਰੁਖ਼  ਰਿਹਾ ਹੈ? ਇਸ ਜ਼ਰੂਰੀ ਪ੍ਰਸ਼ਨ ਦਾ ਉੱਤਰ ਵੀ ਅਸੀ ਅਗਲੇ ਐਤਵਾਰ ਦਿਆਂਗੇ।                         

(24 ਸਤੰਬਰ 2023 ਦੇ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement