
'ਦਸ ਵਿਚੋਂ ਸੱਤ ਭਾਰਤੀ ਦੇਸ਼ ਦੇ ਹਾਲਾਤ ਤੋਂ ਸੰਤੁਸ਼ਟ'
ਵਾਸ਼ਿੰਗਟਨ, 16 ਨਵੰਬਰ : ਭਾਰਤੀ ਰਾਜਨੀਤੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਵੀ ਵਿਆਪਕ ਮਕਬੂਲ ਹਸਤੀ ਹਨ। ਇਹ ਦਾਅਵਾ ਅਮਰੀਕੀ ਮਾਹਰ ਸਮੂਹ 'ਪਿਊ ਰਿਸਰਚ ਸੈਂਟਰ' ਦੇ ਸਰਵੇਖਣ ਵਿਚ ਕੀਤਾ ਗਿਆ ਹੈ। ਸੈਂਟਰ ਨੇ ਭਾਰਤ ਵਿਚ ਕਰੀਬ 2464 ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਇਹ ਸਿੱਟਾ ਕਢਿਆ ਹੈ। ਇਸ ਸਾਲ 21 ਫ਼ਰਵਰੀ ਤੋਂ 10 ਮਾਰਚ ਤਕ ਕੀਤੇ ਗਏ ਸਰਵੇਖਣ ਮੁਤਾਬਕ 88 ਫ਼ੀ ਸਦੀ ਦੇ ਅੰਕੜਿਆਂ ਨਾਲ ਮੋਦੀ ਨੂੰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ (58 ਫ਼ੀ ਸਦੀ) 'ਤੇ 30 ਅੰਕਾਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (57 ਫ਼ੀ ਸਦੀ) 'ਤੇ 31 ਅੰਕਾਂ ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (39 ਫ਼ੀ ਸਦੀ) 'ਤੇ 49 ਅੰਕਾਂ ਦਾ ਵਾਧਾ ਮਿਲਿਆ ਹੋਇਆ ਹੈ।
ਸੰਸਥਾ ਨੇ ਕਿਹਾ ਕਿ ਲੋਕਾਂ ਦੁਆਰਾ ਮੋਦੀ ਦਾ 'ਹਾਂਪੱਖੀ ਵਿਸ਼ਲੇਸ਼ਣ' ਭਾਰਤੀ ਅਰਥਚਾਰੇ ਪ੍ਰਤੀ ਵਧਦੀ 'ਸੰਤੁਸ਼ਟੀ' ਤੋਂ ਪ੍ਰੇਰਿਤ ਹੈ। ਸਰਵੇਖਣ ਵਿਚ ਹਰ ਦਸ ਵਿਚੋਂ ਅੱਠ ਜਣਿਆਂ ਨੇ ਕਿਹਾ ਕਿ ਆਰਥਕ ਹਾਲਾਤ ਚੰਗੇ ਹਨ। ਅਜਿਹਾ ਮਹਿਸੂਸ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ 2014 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਤੋਂ 19 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਕਿਹਾ ਗਿਆ ਹੈ ਕਿ ਅਰਥਚਾਰੇ ਨੂੰ 'ਬਹੁਤ ਚੰਗਾ' ਦੱਸਣ ਵਾਲੇ ਕੰਮਕਾਜੀ ਲੋਕਾਂ ਦੇ ਅੰਕੜਿਆਂ ਵਿਚ ਪਿਛਲੇ ਤਿੰਨ ਸਾਲ ਵਿਚ ਤਿੰਨ ਗੁਣਾਂ ਵਾਧਾ ਹੋਇਆ ਹੈ। ਸੈਂਟਰ ਮੁਤਾਬਕ ਕੁਲ ਮਿਲਾ ਕੇ ਹਰ ਦਸ ਵਿਚੋਂ ਸੱਤ ਭਾਰਤੀ ਦੇਸ਼ ਦੇ ਹਾਲਾਤ ਤੋਂ ਸੰਤੁਸ਼ਟ ਹਨ। (ਏਜੰਸੀ)