
ਫ਼ਿਰੋਜ਼ਪੁਰ, 2 ਨਵੰਬਰ (ਬਲਬੀਰ ਸਿੰਘ ਜੋਸਨ) : ਹਿੰਦ-ਪਾਕਿ ਸਰਹੱਦ 'ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ ਦੀ 87 ਬਟਾਲੀਅਨ ਨੇ ਬੀ.ਓ.ਪੀ. ਵਾਨ ਇਲਾਕੇ ਵਿਚੋਂ 4 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫ਼ਿਰੋਜ਼ਪੁਰ ਰੇਂਜ਼ ਨੇ ਦਸਿਆ ਕਿ ਬੀਤੀ ਦਿਨ ਉਨ੍ਹਾਂ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀਓਪੀ ਵਾਨ ਰਸਤੇ ਰਾਹੀਂ ਕੁੱਝ ਪਾਕਿਸਤਾਨੀ ਤਸਕਰ ਭਾਰਤ ਅੰਦਰ ਹੈਰੋਇਨ ਭੇਜਣ ਦੀ ਤਾਕ ਵਿਚ ਹਨ।
ਬੀਤੀ ਰਾਤ ਬੀਓਪੀ ਵਾਨ ਇਲਾਕੇ ਵਿਚ ਕੁੱਝ ਹਿਲਜੁਲ ਹੁੰਦੀ ਵਿਖਾਈ ਦਿਤੀ, ਜਦੋਂ ਬੀਐਸਐਫ ਜਵਾਨਾਂ ਨੇ ਲਲਕਾਰਿਆ ਤਾਂ ਭਾਰਤ ਅੰਦਰ ਹੈਰੋਇਨ ਭੇਜ ਰਹੇ ਪਾਕਿਸਤਾਨੀ ਤਸਕਰ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਭੱਜ ਗਏ। ਸਵੇਰ ਹੁੰਦਿਆਂ ਸਾਰ ਬੀਐਸਐਫ ਜਵਾਨਾਂ ਨੇ ਬੀ.ਓ.ਪੀ. ਵਾਨ ਦੇ ਏਰੀਆ ਵਿਚ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ। ਸਰਚ ਆਪਰੇਸ਼ਨ ਦੌਰਾਨ ਬੀਐਸਐਫ ਨੂੰ ਚਾਰ ਪੈਕਟ ਹੈਰੋਇਨ ਵਜਨੀ 4.4 ਕਿਲੋ ਬਰਾਮਦ ਹੋਏ। ਬੀਐਸਐਫ ਨੇ ਦਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 22 ਕਰੋੜ ਰੁਪਏ ਦੱਸੀ ਜਾ ਰਹੀ ਹੈ।