
ਮੈਂਬਰਾਂ ਦੇ ਰੌਲੇ ਕਾਰਨ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਨਾ ਹੋ ਸਕੇ
ਨਵੀਂ ਦਿੱਲੀ, 12 ਮਾਰਚ : ਸੰਸਦ ਦੇ ਦੋਹਾਂ ਸਦਨਾਂ ਵਿਚ ਛੇਵੇਂ ਦਿਨ ਵੀ ਰੌਲਾ-ਰੱਪਾ ਪੈਂਦਾ ਰਿਹਾ। ਦੋਹਾਂ ਸਦਨਾਂ ਵਿਚ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਵੀ ਨਹੀਂ ਹੋ ਸਕੇ। ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਪੂਰੇ ਹਫ਼ਤੇ ਨਹੀਂ ਚੱਲੀ। ਅੱਜ ਵੀ ਹੇਠਲੇ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਰਾਜ ਸਭਾ ਵਿਚ ਵੀ ਲਗਭਗ ਇਹੋ ਜਿਹਾ ਨਜ਼ਾਰਾ ਸੀ। ਪਹਿਲਾਂ ਸੰਸਦ ਦਾ ਪੂਰਾ ਹਫ਼ਤਾ ਹੀ ਹੰਗਾਮੇ ਦੀ ਭੇਟ ਚੜ੍ਹ ਗਿਆ।ਪੰਜਾਬ ਨੈਸ਼ਨਲ ਬੈਂਕ ਧੋਖਾਧੜੀ, ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਲਾਗੂ ਕਰਨ ਅਤੇ ਕਾਵੇਰੀ ਮੁੱਦੇ ਸਮੇਤ ਕਈ ਹੋਰ ਮਸਲਿਆਂ 'ਤੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ। ਜਿਉਂ ਹੀ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ ਗਿਆ ਤਾਂ ਰੌਲਾ ਸ਼ੁਰੂ ਹੋ ਗਿਆ।ਬਜਟ ਸੈਸ਼ਨ ਦੇ ਛੇਵੇਂ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੀਐਨਬੀ ਧੋਖਾਧੜੀ ਦਾ ਮਾਮਲਾ
ਚੁਕਦੇ ਹੋਏ ਨਾਹਰੇਬਾਜ਼ੀ ਸ਼ੁਰੂ ਕੀਤੀ। ਨਾਹਰੇਬਾਜ਼ੀ ਕਰਦਿਆਂ ਇਨ੍ਹਾਂ ਦੋਹਾਂ ਪਾਰਟੀਆਂ ਦੇ ਮੈਂਬਰ ਸਪੀਕਰ ਦੀ ਸੀਟ ਕੋਲ ਆ ਗਏ। ਦੂਜੇ ਪਾਸੇ, ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਵਿਸ਼ੇਸ਼ ਪੈਕੇਜ ਦੀ ਮੰਗ ਕਰਦੇ ਹੋਏ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਵੀ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਸੀਟ ਕੋਲ ਆ ਗਏ। ਵਾਈਐਸਆਰ ਦੇ ਮੈਂਬਰਾਂ ਨੇ ਵੀ ਨਾਹਰੇਬਾਜ਼ੀ ਕੀਤੀ। ਅਖ਼ੀਰ ਸਪੀਕਰ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਦੀ ਕਾਰਵਾਈ ਨੂੰ 12 ਵਜੇ ਤਕ ਮੁਲਤਵੀ ਕਰ ਦਿਤਾ। ਤੇਲਗੂ ਦੇਸਮ ਦੇ ਅਸ਼ੋਕ ਗਜਪਤੀ ਵੀ ਅੱਜ ਅਪਣੀ ਪਾਰਟੀ ਦੇ ਮੈਂਬਰਾਂ ਨਾਲ ਪੀਲੀ ਪੱਟੀ ਬੰਨ੍ਹ ਕੇ ਨਾਹਰੇਬਾਜ਼ੀ ਕਰ ਰਹੇ ਸਨ। ਸਪੀਕਰ ਸੁਮਿਤਰਾ ਮਹਾਜਨ ਨੇ ਭਾਰੀ ਹੰਗਾਮੇ ਵਿਚ ਹੀ ਜ਼ਰੂਰੀ ਕਾਗ਼ਜ਼ ਪੇਸ਼ ਕਰਾਏ। ਅਖ਼ੀਰ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਰਾਜ ਸਭਾ ਵਿਚ ਵੀ ਇਹੋ ਨਜ਼ਾਰਾ ਦਿਸਿਆ। ਦੁਪਹਿਰ ਮਗਰੋਂ ਵੀ ਕਾਰਵਾਈ ਨਹੀਂ ਚੱਲ ਸਕੀ। ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਦਿੱਲੀ ਵਿਚ ਸੀਲਿੰਗ ਦਾ ਮੁੱਦਾ ਚੁਕਦਿਆਂ ਨਾਹਰੇਬਾਜ਼ੀ ਕੀਤੀ। (ਏਜੰਸੀ)