
ਬਠਿੰਡਾ, 6
ਸਤੰਬਰ (ਸੁਖਜਿੰਦਰ ਮਾਨ) : ਆਰਥਕ ਮੰਦਵਾੜੇ ਦਾ ਸਾਹਮਣਾ ਕਰ ਰਹੀ ਕੈਪਟਨ ਸਰਕਾਰ ਨੇ
ਮੁਲਾਜ਼ਮਾਂ 'ਚ ਵਧਦੇ ਰੋਸ ਨੂੰ ਟਾਲਣ ਲਈ ਸੂਬੇ ਦੇ ਵੱਡੇ ਅਫ਼ਸਰਾਂ ਨੂੰ ਛੱਡ ਛੋਟੇ
ਮੁਲਾਜ਼ਮਾਂ ਨੂੰ ਤਨਖ਼ਾਹਾਂ ਜਾਰੀ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।
ਸੂਤਰਾਂ ਅਨੁਸਾਰ ਕਾਂਗਰਸ ਸਰਕਾਰ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਵੱਡੇ ਅਫ਼ਸਰਾਂ ਵਲੋਂ ਅਪਣੀਆਂ ਤਨਖ਼ਾਹਾਂ ਛੱਡ ਹੇਠਲੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਜਾਰੀ ਕੀਤੀਆਂ ਹੋਣ। ਪਿਛਲੇ ਕੁੱਝ ਦਿਨਾਂ ਤੋਂ ਮੁਲਾਜ਼ਮਾਂ 'ਚ ਵਧਦੇ ਰੋਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਨਵਾਂ ਫ਼ਾਰਮੂਲਾ ਕਢਿਆ ਹੈ। ਸੂਚਨਾ ਮੁਤਾਬਕ ਆਰਥਕ ਤੰਗੀ ਦੇ ਚਲਦੇ ਵੱਡੇ ਅਫ਼ਸਰਾਂ ਨੂੰ ਹਾਲੇ ਤਨਖ਼ਾਹ ਮਿਲਣ 'ਚ ਕਈ ਦਿਨ ਹੋਰ ਲੱਗ ਸਕਦੇ ਹਨ। ਖ਼ਜ਼ਾਨਾ ਵਿਭਾਗ ਦੇ ਸੂਤਰਾਂ ਮੁਤਾਬਕ ਅੱਜ ਚੰਡੀਗੜ੍ਹ ਆਏ ਆਦੇਸ਼ਾਂ ਮੁਤਾਬਕ ਤੁਰੰਤ ਹੇਠਲੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਜਾਰੀ ਕਰ ਦਿਤੀਆਂ। ਇਹ ਵੀ ਪਤਾ ਚਲਿਆ ਹੈ ਕਿ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਖਾਤਿਆਂ ਵਿਚ ਪਾਈ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਪਹਿਲੀ ਵਾਰ ਆਰਥਕ ਤੰਗੀ ਕਾਰਨ ਤਨਖ਼ਾਹਾਂ ਰੋਕਣ ਦੀ ਨੌਬਤ ਆਈ ਹੈ, ਉਂਜ ਅਕਾਲੀ ਸਰਕਾਰ ਦੌਰਾਨ ਅਜਿਹਾ ਕਈ ਵਾਰ ਹੁੰਦਾ ਰਿਹਾ ਹੈ। ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮਾਮਲੇ 'ਚ ਸਫ਼ਾਈ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਕੇਂਦਰ ਤੋਂ ਜੀ.ਐਸ.ਟੀ. ਦੀ ਕਿਸ਼ਤ ਨਾ ਮਿਲਣ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਛੇਤੀ ਤਨਖ਼ਾਹਾਂ ਜਾਰੀ ਕਰਨ ਦਾ ਭਰੋਸਾ ਦਿਵਾਇਆ ਸੀ।
ਉਧਰ ਵਿੱਤ ਵਿਭਾਗ ਦੇ ਸੂਤਰਾਂ ਮੁਤਾਬਕ ਫ਼ਿਲਹਾਲ ਸੂਬੇ ਦੇ ਸਮੂਹ ਵਿਭਾਗਾਂ ਦੇ ਗਜਟਿਡ ਅਧਿਕਾਰੀਆਂ ਨੂੰ ਤਨਖ਼ਾਹਾਂ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਉਨ੍ਹਾਂ ਦੀਆਂ ਤਨਖ਼ਾਹਾਂ ਜ਼ਿਆਦਾ ਹੋਣ ਕਰ ਕੇ ਫੈਸਲਾ ਲਿਆ ਗਿਆ ਹੈ ਤਾਂ ਕਿ ਇਕ-ਦੋ ਦਿਨਾਂ ਵਿਚ ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾਂ ਤਨਖ਼ਾਹਾਂ ਜਾਰੀ ਕਰ ਦਿਤੀਆਂ ਜਾਣ। ਜ਼ਿਕਰਯੋਗ ਹੈ ਕਿ ਸੂਬੇ 'ਚ ਕਰੀਬ ਸਾਢੇ ਤਿੰਨ ਲੱਖ ਮੁਲਾਜ਼ਮਾਂ ਨੂੰ ਹਰ ਮਹੀਨੇ ਪੰਜਾਬ ਸਰਕਾਰ ਦੇ ਖ਼ਜਾਨੇ ਵਿਚੋਂ 2200 ਕਰੋੜ ਰੁਪਏ ਜਾਰੀ ਕੀਤੇ ਜਾਂਦੇ ਹਨ। ਇਸ ਦੇ ਇਲਾਵਾ ਪੈਨਸ਼ਨਰਾਂ ਲਈ ਵੀ ਵੱਡੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ।
ਉਧਰ ਪਿਛਲੇ ਦੋ
ਦਿਨਾਂ ਤੋਂ ਮੁਲਾਜ਼ਮਾਂ ਵਲੋਂ ਸਰਕਾਰ ਵਿਰੁਧ ਤਨਖ਼ਾਹਾਂ ਲੇਟ ਹੋਣ ਕਾਰਨ ਸੰਘਰਸ਼ ਵਿਢਿਆ
ਹੋਇਆ ਸੀ। ਅੱਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ, ਸਬ-ਡਿਵੀਜ਼ਨ ਤੇ
ਤਹਿਸੀਲ ਪੱਧਰ ਉਪਰ ਗੇਟ ਰੈਲੀਆਂ ਕੀਤੀਆਂ ਗਈਆਂ। ਬਠਿੰਡਾ 'ਚ ਜ਼ਿਲ੍ਹਾ ਪ੍ਰਧਾਨ ਮੇਘ ਸਿੰਘ
ਸਿੱਧੂ ਦੀ ਪ੍ਰਧਾਨਗੀ ਹੇਠ ਬਠਿੰਡਾ, ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ ਅਤੇ ਤਹਿਸੀਲ
ਦਫ਼ਤਰ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਰੋਸ ਰੈਲੀ ਕੀਤੀ ਅਤੇ ਕਰਮਚਾਰੀ ਮਾਰੂ
ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਮੁਜਹਾਰਾ ਕੀਤਾ ਗਿਆ।