
ਨਵੀਂ
ਦਿੱਲੀ, 24 ਸਤੰਬਰ : ਗੰਦ-ਮੰਦ ਨਾਲ ਭਰੇ ਛੋਟੇ ਪਿੰਜਰਿਆਂ ਵਿਚ ਰੱਖੇ ਗਏ ਬ੍ਰਾਇਲਰ
ਮੁਰਗੇ ਦਾ ਮਾਸ ਅਤੇ ਮੁਰਗੀਆਂ ਦੇ ਆਂਡੇ ਦੀ ਵਰਤੋਂ ਨਾਲ ਸਿਹਤ ਲਈ ਖ਼ਤਰਾ ਪੈਦਾ ਹੋ ਰਿਹਾ
ਹੈ। ਇਹ ਗੱਲ ਕੇਂਦਰ ਸਰਕਾਰ ਦੀ ਸੰਸਥਾ ਦੀ ਅਧਿਐਨ ਰੀਪੋਰਟ ਵਿਚ ਸਾਹਮਣੇ ਆਈ ਹੈ।
ਕੇਂਦਰੀ
ਸੜਕ ਅਤੇ ਆਵਾਜਾਈ ਮੰਤਰਾਲੇ ਅਧੀਨ ਪ੍ਰਦੂਸ਼ਣ ਸਬੰਧੀ ਅਧਿਐਨ ਸੰਸਥਾ ਨੀਰੀ ਅਤੇ ਸੀਐਸਆਈਆਰ
ਦੀ ਹਾਲ ਹੀ ਵਿਚ ਜਾਰੀ ਰੀਪੋਰਟ ਦੀਆਂ ਲੱਭਤਾਂ ਦੇ ਆਧਾਰ 'ਤੇ ਕਾਨੂੰਨ ਮੰਤਰਾਲੇ ਨੂੰ
ਚੂਚੇ ਪਾਲਣ ਲਈ ਨਵੇਂ ਸਿਰਿਉਂ ਨਿਯਮ ਬਣਾਉਣ ਦੀ ਸਿਫ਼ਾਰਸ਼ ਕਰਨ ਦੀ ਮੰਗ ਕੀਤੀ ਗਈ ਹੈ।
ਕੌਮੀ
ਵਾਤਾਵਰਣ ਇੰਜਨੀਅਰਿੰਗ ਖੋਜ ਸੰਸਥਾਨ (ਨੀਰੀ) ਦੇ ਨਿਰਦੇਸ਼ਕ ਡਾ. ਰਾਕੇਸ਼ ਕੁਮਾਰ ਦੀ
ਅਗਵਾਈ ਵਾਲੀ ਟੀਮ ਨੇ ਹਰਿਆਣਾ ਸਥਿਤ ਦੇਸ਼ ਦੇ ਸੱਤ ਵੱਡੇ ਚੂਚਿਆਂ ਦੇ ਫ਼ਾਰਮ ਵਿਚ ਵਾਤਾਵਰਣ
ਸਬੰਧੀ ਹਾਲਾਤ ਦਾ ਅਧਿਐਨ ਕੀਤਾ। ਅਧਿਐਨ ਰੀਪੋਰਟ ਮੁਤਾਬਕ ਛੋਟੇ ਆਕਾਰ ਦੇ ਪਿੰਜਰਿਆਂ
ਵਿਚ ਰੱਖੇ ਗਏ ਮੁਰਗੇ ਮੁਰਗੀਆਂ ਦੇ ਅਤਿਅੰਤ ਗੰਦਗੀ ਨਾਲ ਫੈਲਣ ਵਾਲੀ ਲਾਗ ਦਾ ਸ਼ਿਕਾਰ ਹੋਣ
ਕਾਰਨ ਇਸ ਦਾ ਅਸਰ ਇਨ੍ਹਾਂ ਦੇ ਆਂਡਿਆਂ ਅਤੇ ਮਾਸ ਵਿਚ ਵੀ ਵੇਖਿਆ ਗਿਆ ਹੈ।
ਉਧਰ,
ਵੱਡੇ ਆਕਾਰ ਵਾਲੇ ਮੁਰਗਾ ਫ਼ਾਰਮ ਵਿਚ ਖੁਲ੍ਹੇ ਵਿਚ ਰੱਖੇ ਗਏ ਮੁਰਗੇ ਮੁਰਗੀਆਂ ਇਸ ਤਰ੍ਹਾਂ
ਦੀ ਲਾਗ ਤੋਂ ਬਚੇ ਰਹਿੰਦੇ ਹਨ। ਰੀਪੋਰਟ ਵਿਚ ਛੋਟੇ ਪਿੰਜਰਿਆਂ ਦੀ ਗੰਦਗੀ ਤੋਂ ਇਲਾਵਾ
ਆਂਡਿਆਂ ਅਤੇ ਮੁਰਗੇ ਨੂੰ ਬਾਜ਼ਾਰ ਤਕ ਲਿਜਾਣ ਦੇ ਗ਼ੈਰਮਨੁੱਖੀ ਤਰੀਕੇ ਨੂੰ ਵੀ ਇਸ ਸਮੱਸਿਆ
ਦਾ ਦੂਜਾ ਅਹਿਮ ਕਾਰਨ ਦਸਿਆ ਗਿਆ ਹੈ। ਇਸ ਰੀਪੋਰਟ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰਾਲੇ
ਨੇ ਕਾਨੂੰਨ ਮੰਤਰਾਲੇ ਨੂੰ ਚੂਚੇ ਪਾਲਣ ਸਬੰਧੀ ਨਿਸਮਾਂ ਦੀ ਸਮੀਖਿਆ ਕਰ ਕੇ ਅੰਤਰਰਾਸ਼ਟਰੀ
ਮਾਪਦੰਡਾਂ ਮੁਤਾਬਕ ਨਵੇਂ ਨਿਯਮ ਬਣਾਉਣ ਨੂੰ ਕਿਹਾ ਹੈ।
ਭਾਰਤੀ ਮਾਪਦੰਡਾਂ ਮੁਤਾਬਕ
ਫ਼ਾਰਮ ਵਿਚ ਹਰ ਮੁਰਗੇ ਲਈ ਘੱਟ ਤੋਂ ਘੱਟ 450 ਵਰਗ ਸੈਂਟੀਮੀਟਰ ਜਗ੍ਹਾ ਹੋਣੀ ਚਾਹੀਦੀ ਹੈ
ਪਰ ਹਕੀਕਤ ਵਿਚ ਪੰਜ ਗੁਣਾਂ ਘੱਟ ਜਗ੍ਹਾ ਮਿਲਦੀ ਹੈ। ਜਗ੍ਹਾ ਘੱਟ ਹੋਣ ਕਾਰਨ ਚੂਚਿਆਂ
ਜਾਂ ਮੁਰਗੇ-ਮੁਰਗੀਆਂ ਦੀ ਗਰਦਨ ਦੀ ਹੱਡੀ ਟੁੱਟ ਜਾਂਦੀ ਹੈ, ਰਗੜਾਂ ਕਾਰਨ ਖੰਭ ਵੀ ਟੁੱਟ
ਜਾਂਦੇ ਹਨ ਤੇ ਜ਼ਖ਼ਮ ਹੋਣ ਨਾਲ ਲਾਗ ਲੱਗ ਜਾਂਦੀ ਹੈ। (ਏਜੰਸੀ)