
ਸੰਸਦ ਵਿਚ ਫਿਰ ਰੌਲਾ-ਰੱਪਾ, ਕਾਂਗਰਸ ਦਾ ਵਾਕਆਊਟ
ਨਵੀਂ ਦਿੱਲੀ, 20 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁਧ ਕੀਤੀ ਗਈ ਕਥਿਤ ਟਿਪਣੀ ਦੇ ਮਾਮਲੇ ਵਿਚ ਅੱਜ ਸੰਸਦ ਵਿਚ ਫਿਰ ਰੌਲਾ-ਰੱਪਾ ਪਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮਾਫ਼ੀ ਮੰਗਵਾਉਣ ਦੀ ਮੰਗ 'ਤੇ ਲੋਕ ਸਭਾ ਵਿਚ ਕਾਂਗਰਸ ਸੰਸਦ ਮੈਂਬਰਾਂ ਨੇ ਰੌਲਾ-ਰੱਪਾ ਪਾਇਆ ਅਤੇ ਸੱਤਾਧਿਰ ਦੇ ਕੁੱਝ ਮੈਂਬਰਾਂ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਵੀ ਹੋਈ। ਕਾਂਗਰਸ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਹ ਮਾਫ਼ੀ ਨਹੀਂ, ਪ੍ਰਧਾਨ ਮੰਤਰੀ ਦਾ ਸਪੱਸ਼ਟੀਕਰਨ ਹੀ ਮੰਗ ਰਹੇ ਹਨ। ਰੌਲਾ ਪੈਣ ਸਮੇਂ ਪ੍ਰਧਾਨ ਮੰਤਰੀ ਵੀ ਸਦਨ ਵਿਚ ਸਨ। ਕਾਂਗਰਸ ਮੈਂਬਰਾਂ ਨੇ ਇਹ ਵੀ ਕਿਹਾ ਕਿ ਮੋਦੀ ਮਾਫ਼ੀ ਮੰਗਣ ਜਾਂ ਡਾ. ਮਨਮੋਹਨ ਸਿੰਘ ਵਿਰੁਧ ਕਾਰਵਾਈ ਕਰਨ। ਕਾਂਗਰਸ ਆਗੂ ਕਹਿ ਰਹੇ ਸਨ, 'ਡਾ. ਸਾਹਿਬ ਕੋਲੋਂ ਮਾਫ਼ੀ ਮੰਗੋ।'
ਜ਼ਿਕਰਯੋਗ ਹੈ ਕਿ ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਮੋਦੀ ਨੇ ਦਾਅਵਾ ਕੀਤਾ ਸੀ ਕਿ ਗੁਜਰਾਤ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਡਾ. ਮਨਮੋਹਨ ਸਿੰਘ ਪਾਕਿਸਤਾਨੀ ਅਧਿਕਾਰੀਆਂ ਨੂੰ ਅਹਿਮਦਾਬਾਦ ਵਿਚ ਮਿਲੇ ਸਨ। ਸਦਨ ਵਿਚ ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਸਰਕਾਰ ਕੋਲੋਂ ਮਾਫ਼ੀ ਦੀ ਮੰਗ ਕੀਤੀ ਤਾਂ ਦੂਜੇ ਪਾਸੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਬਿਨਾਂ ਮਤਲਬ ਹੀ ਸਦਨ ਦੀ ਕਾਰਵਾਈ ਰੋਕ ਰਹੀ ਹੈ। ਬਾਅਦ ਵਿਚ ਕਾਂਗਰਸ ਦੇ ਮੈਂਬਰਾਂ ਨੇ ਸਦਨ ਵਿਚੋਂ ਵਾਕਆਊਟ ਕਰ ਦਿਤਾ। ਹੰਗਾਮੇ ਕਾਰਨ ਸਵੇਰੇ ਲੋਕ ਸਭਾ ਦੀ ਕਾਰਵਾਈ ਦੋ ਵਾਰ ਰੋਕਣੀ ਪਈ। ਜਦ ਦੋ ਵਜੇ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰਾਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਖੜਗੇ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਭਾ ਉਪ ਸਪੀਕਰ ਥੰਬੀ ਦੁਰਈ ਨੇ ਕਿਸੇ ਸੋਧ ਬਿਲ 'ਤੇ ਚਰਚਾ ਅੱਗੇ ਵਧਾ ਦਿਤੀ। ਫਿਰ ਗੌਰਵ ਗੋਗਈ, ਰੰਜੀਤ ਰੰਜਨ ਅਤੇ ਸੁਨੀਲ ਜਾਖੜ ਸਮੇਤ ਕਾਂਗਰਸ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਲਾਗੇ ਪਹੁੰਚ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਕਾਂਗਰਸ ਮੈਂਬਰ ਖੜਗੇ ਨੂੰ ਬੋਲਣ ਦੀ ਆਗਿਆ ਦੇਣ ਦੀ ਵੀ ਮੰਗ ਕਰ ਰਹੇ ਸਨ। ਖੜਗੇ ਨੇ ਕਿਹਾ ਕਿ ਅੱਜ ਵੀ ਸਦਨ ਵਿਚ ਡਾ. ਮਨਮੋਹਨ ਸਿੰਘ ਵਿਰੁਧ ਟਿਪਣੀ ਕੀਤੀ ਗਈ ਹੈ ਜਿਹੜੇ ਸਦਨ ਦੇ ਮੈਂਬਰ ਨਹੀਂ ਹਨ। ਉਨ੍ਹਾਂ ਇਸ ਮੁੱਦੇ 'ਤੇ ਮਾਫ਼ੀ ਦੀ ਮੰਗ ਕੀਤੀ। ਦੋਹਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ। ਅਨੰਤ ਕੁਮਾਰ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਹੈ। ਉਪ ਸਪੀਕਰ ਨੇ ਕਿਹਾ ਕਿ ਕਾਂਗਰਸ ਦੇ ਮੈਂਬਰਾਂ ਨੂੰ ਸਲਾਹ ਹੈ ਕਿ ਕਾਰਵਾਈ ਵਿਚ ਹਿੱਸਾ ਲੈਣ। ਸਦਨ ਦੇ ਬਹੁਤੇ ਮੈਂਬਰ ਕਾਰਵਾਈ ਜਾਰੀ ਰਹਿਣ ਦੇ ਹੱਕ ਵਿਚ ਹਨ। ਬਾਅਦ ਵਿਚ ਸਪੀਕਰ ਸੁਮਿਤਰਾ ਮਹਾਜਨ ਵੀ ਸੀਟ 'ਤੇ ਆ ਗਈ ਅਤੇ ਉਨ੍ਹਾਂ ਉਕਤ ਬਿਲ 'ਤੇ ਚਰਚਾ ਜਾਰੀ ਰੱਖੀ। (ਏਜੰਸੀ)