
ਸ੍ਰੀਨਗਰ,
11 ਸਤੰਬਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਿਛਲੇ ਇਕ ਸਾਲ
ਤੋਂ ਘਾਟੀ ਵਿਚ ਹਾਲਾਤ ਕਾਫ਼ੀ ਸੁਧਰੇ ਹਨ ਅਤੇ ਉਹ ਕਸ਼ਮੀਰ ਦੀ ਸਮੱਸਿਆ ਸੁਲਝਾਉਣ ਹਿੱਤ
ਕਿਸੇ ਨੂੰ ਵੀ ਮਿਲਣ ਵਾਸਤੇ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧਾਰਾ 35 ਏ ਸਬੰਧੀ
ਉਨ੍ਹਾਂ ਦੀ ਸਰਕਾਰ ਕਸਮੀਰੀਆਂ ਦੀਆਂ ਭਾਵਨਾਵਾਂ ਵਿਰੁਧ ਕੰਮ ਨਹੀਂ ਕਰੇਗੀ। ਉਨ੍ਹਾਂ
ਕਿਹਾ, 'ਸਰਕਾਰ ਨੇ ਇਸ ਬਾਬਤ ਨਾ ਤਾਂ ਕੋਈ ਪਹਿਲ ਕੀਤੀ ਹੈ ਤੇ ਨਾ ਹੀ ਅਦਾਲਤ ਵਿਚ ਗਈ
ਹੈ। ਸਰਕਾਰ ਇਥੋਂ ਦੇ ਲੋਕਾਂ ਦੀਆਂ ਇੱਛਾਵਾਂ ਵਿਰੁਧ ਨਹੀਂ ਜਾਵੇਗੀ ਤੇ ਨਾ ਹੀ ਅਜਿਹਾ
ਕਦਮ ਚੁੱਕੇਗੀ ਜਿਸ ਨਾਲ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੇ।'
ਜੰਮੂ-ਕਸ਼ਮੀਰ
ਦੀ ਚਾਰ ਦਿਨਾ ਯਾਤਰਾ 'ਤੇ ਆਏ ਰਾਜਨਾਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਸ਼ਮੀਰ ਮੁੱਦੇ ਦਾ
ਪੱਕਾ ਹੱਲ ਹਮਦਰਦੀ, ਵਿਚਾਰ-ਵਟਾਂਦਰੇ, ਵਿਸਵਾਸ਼ ਅਤੇ ਸਥਿਰਤਾ 'ਤੇ ਟਿਕਿਆ ਹੈ। ਉਨ੍ਹਾਂ
ਕਿਹਾ, ''ਪ੍ਰਤੀਨਿਧ ਮੰਡਲ ਨਾਲ ਬੈਠਕ ਤੋਂ ਬਾਅਦ ਮੈਨੂੰ ਲਗਦਾ ਹੈ ਕਿ ਕਸ਼ਮੀਰ ਦੇ ਹਾਲਾਤ
ਕਾਫ਼ੀ ਸੁਧਰੇ ਹਨ। ਮੈਂ ਇਹ ਦਾਅਵਾ ਨਹੀਂ ਕਰਦਾ ਕਿ ਇਥੇ ਸੱਭ ਕੁੱਝ ਠੀਕ ਹੈ ਪਰ ਹਾਲਾਤ
ਕਾਫ਼ੀ ਸੁਧਰੇ ਹਨ, ਇਹ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ।'' ਕੇਂਦਰੀ ਮੰਤਰੀ ਨੇ
ਦਸਿਆ ਕਿ ਅਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਪੁਲਿਸ ਅਤੇ ਸੀਆਰਪੀਐਫ਼ ਦੇ ਜਵਾਨਾਂ ਨਾਲ
ਗੱਲਬਾਤ ਕੀਤੀ ਅਤੇ ਫ਼ੌਜ ਦੇ ਜਵਾਨਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਵਾਦੀ ਦੇ
ਨੌਜਵਾਨਾਂ ਨਾਲ ਅਪਰਾਧੀਆਂ ਜਿਹਾ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ
ਸੁਰੱਖਿਆ ਬਲਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਨੌਜਵਾਨਾਂ ਨੇ ਗ਼ਲਤੀਆਂ ਕੀਤੀਆਂ ਹਨ,
ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ
ਨੂੰ ਅਪੀਲ ਕਰਦੇ ਹਨ ਕਿ ਉਹ ਦੂਜਿਆਂ ਦੇ ਹੱਥਾਂ ਵਿਚ ਨਾ ਖੇਡਣ ਅਤੇ ਪੱਥਰਬਾਜ਼ੀ ਨਾ ਕਰਨ।
ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਵੱਖਵਾਦੀਆਂ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਗ੍ਰਹਿ
ਮੰਤਰੀ ਨੇ ਕਿਹਾ, ''ਮੈਂ ਅਜਿਹੇ ਕਿਸੇ ਵੀ ਬੰਦੇ ਨੂੰ ਮਿਲਣ ਲਈ ਤਿਆਰ ਹਾਂ ਜੋ ਕਸ਼ਮੀਰ ਦੀ
ਸਮੱਸਿਆ ਨੂੰ ਸੁਲਝਾਉਣ ਲਈ ਸਾਡੀ ਮਦਦ ਕਰਨ ਦਾ ਚਾਹਵਾਨ ਹੈ। ਰਸਮੀ ਸੱਦਾ ਦੇਣ ਦਾ ਤਾਂ
ਕੋਈ ਸਵਾਲ ਹੀ ਨਹੀਂ। ਜਿਨ੍ਹਾਂ ਗੱਲ ਕਰਨੀ ਹੈ, ਉਹ ਖ਼ੁਦ ਅੱਗੇ ਆਉਣ। ਮੈਂ ਹਮੇਸ਼ਾ ਖੁਲ੍ਹੇ
ਮਨ ਨਾਲ ਇਥੇ ਆਉਂਦਾ ਹਾਂ।'' ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਕਿਸੇ ਵੀ
ਵਿਅਕਤੀ ਨੂੰ ਬਾਹਰ ਨਹੀਂ ਰਖਣਾ ਚਾਹੁੰਦੀ ਜਿਨ੍ਹਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ।
(ਏਜੰਸੀ)