
ਸੀਕਰ,
23 ਸਤੰਬਰ : ਦੇਸ਼ ਵਿਚ ਅਖੌਤੀ ਬਾਬਿਆਂ ਦੇ ਚਰਿੱਤਰ 'ਤੇ ਲੱਗ ਰਹੇ ਗੰਭੀਰ ਦੋਸ਼ਾਂ ਦੇ
ਮਾਹੌਲ 'ਚ ਜੈਨ ਮੁਨੀ ਤਰੁਣ ਸਾਗਰ ਨੇ ਕਿਹਾ ਹੈ ਕਿ ਦੇਸ਼ ਵਿਚ ਫ਼ਰਜ਼ੀ ਬਾਬਿਆਂ ਦੀ ਭਰਮਾਰ
ਹੈ ਅਤੇ ਸਰਕਾਰ ਨੂੰ ਇਨ੍ਹਾਂ ਸਾਰਿਆਂ ਦੀ ਜਾਇਦਾਦ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਤਰੁਣ
ਸਾਗਰ ਨੇ ਕਲ ਜੈਨ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ
ਨੇਤਾਵਾਂ, ਅਫ਼ਸਰਾਂ ਦੀ ਸੰਪਤੀ ਦੀ ਜਾਂਚ ਹੁੰਦੀ ਹੈ ਪਰ ਅਰਬਾਂ ਦੀ ਸੰਪਤੀ 'ਤੇ ਕੁੰਡਲੀ
ਮਾਰ ਕੇ ਬੈਠੇ ਇਨ੍ਹਾਂ ਅਖੌਤੀ ਬਾਬਿਆਂ ਦੀ ਜਾਇਦਾਦ ਦੀ ਕੋਈ ਜਾਂਚ ਨਹੀਂ ਕਰਦਾ। ਉਨ੍ਹਾਂ
ਕਿਹਾ ਕਿ ਧਰਮ ਨੂੰ ਨਾਸਤਕਾਂ ਤੋਂ ਖ਼ਤਰਾ ਨਹੀਂ ਸਗੋਂ ਧਰਮ ਨੂੰ ਅਖੌਤੀ ਆਸਤਕ ਬਦਨਾਮ ਕਰ
ਰਹੇ ਹਨ। ਹੁਣ ਤਾਂ ਸ਼ੰਕਰਾਚਾਰਿਆ ਵੀ ਫ਼ਰਜ਼ੀ ਹੋਣ ਲੱਗੇ ਹਨ। ਜੈਨ ਮੁਨੀ ਨੇ ਕਿਹਾ ਕਿ
ਇਨ੍ਹਾਂ ਬਾਬਿਆਂ ਦੇ ਮਾੜੇ ਚਰਿੱਤਰ ਕਾਰਨ ਨੌਜਵਾਨਾਂ ਦੀ ਧਰਮ ਪ੍ਰਤੀ ਦਿਲਚਸਪੀ ਖ਼ਤਮ ਹੋ
ਰਹੀ ਹੈ। ਇਸ ਲਈ ਸਮਾਜ ਜ਼ਿੰਮੇਵਾਰ ਹੈ ਜਿਹੜਾ ਪਛਾਣ ਕੀਤੇ ਬਿਨਾਂ ਉਨ੍ਹਾਂ ਨੂੰ ਗੁਰੂ ਮੰਨ
ਲੈਂਦਾ ਹੈ। ਉਨ੍ਹਾਂ ਧਰਮ ਦੇ ਨਾਮ 'ਤੇ ਹਿੰਸਾ ਨੂੰ ਸੱਭ ਤੋਂ ਖ਼ਤਰਨਾਕ ਦਸਦਿਆਂ ਕਿਹਾ ਕਿ
ਹਰ ਤਰ੍ਹਾਂ ਦੀ ਹਿੰਸਾ ਬੁਰੀ ਹੁੰਦੀ ਹੈ ਪਰ ਧਰਮ ਦੇ ਨਾਮ 'ਤੇ ਹਿੰਸਾ ਸੱਭ ਤੋਂ ਮਾੜੀ
ਹੈ।
(ਏਜੰਸੀ)