
ਦੀਨਾਨਗਰ, 24 ਫ਼ਰਵਰੀ (ਦੀਪਕ ਮੰਨੀ): ਸਥਾਨਕ ਸ਼ਹਿਰ ਵਿਖੇ ਨਗਰ ਕੌਂਸਲ ਦੇ ਵਾਰਡ ਨੰਬਰ 7 ਵਿਚ ਅੱਜ ਹੋਈ ਜਿਮਨੀ ਚੌਣਾਂ ਵਿਚ ਕਾਂਗਰਸ ਦੀ ਆਸ਼ਾ ਦੇਵੀ ਭਾਜਪਾ ਦੀ ਉਮੀਦਵਾਰ ਕਿਰਨਾ ਦੇਵੀ ਨੂੰ 140 ਵੋਟਾਂ ਨਾਲ ਹਰਾ ਕੇ ਜੇਤੂ ਬਣੀ ਹੈ। ਕਾਂਗਰਸੀ ਉਮੀਦਵਾਰ ਨੂੰ 469 ਅਤੇ ਭਾਜਪਾ ਉਮੀਦਵਾਰ ਨੂੰ 329 ਵੋਟਾਂ ਮਿਲੀਆਂ ਹਨ।ਅੱਜ ਇਸ ਵਾਰਡ ਦੀ ਜ਼ਿਮਨੀ ਚੋਣ ਦੌਰਾਨ ਸਾਢੇ ਤਿੰਨ ਵਜੇ ਦੇ ਕਰੀਬ ਪੋਲਿੰਗ ਬੂਥ ਵਿਖੇ ਮਤਦਾਨ ਕਰਨ ਆਏ ਇਕ ਵੋਟਰ ਨੂੰ ਵਾਰਡ ਨੰਬਰ 7 ਦਾ ਨਾਂ ਹੋਣਾ ਦੱਸ ਕੇ ਭਾਜਪਾ ਦੇ ਪੋਲਿੰਗ ਏਜੰਟ ਰਾਮਪਾਲ ਨੇ ਇਤਰਾਜ਼ ਜਤਾਇਆ ਤਾਂ ਇੰਨੇ ਵਿਚ ਭਾਜਪਾ ਦੇ ਉਕਤ ਪੋਲਿੰਗ ਏਜੰਟ ਅਤੇ ਕਾਂਗਰਸੀ ਵਰਕਰਾਂ ਵਿਚ ਹੱਥੋਪਾਈ ਹੋ ਗਈ ਅਤੇ ਭਾਜਪਾ ਦਾ ਪੋਲਿੰਗ ਏਜੰਟ ਪੋਲਿੰਗ ਬੂਥ ਤੋਂ ਬਾਹਰ ਆ ਗਿਆ ਅਤੇ ਜੀ.ਟੀ.ਰੋਡ 'ਤੇ ਖੜੇ ਭਾਜਪਾ ਵਰਕਰਾਂ ਨਾਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ।
ਇਸ ਤੋਂ ਬਾਅਦ ਸਾਹਮਣੇ ਖੜੇ ਕਾਂਗਰਸੀ ਵਰਕਰਾਂ ਨੇ ਵੀ ਕਾਂਗਰਸ ਜ਼ਿੰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿਤੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਪ੍ਰਦੀਪ ਸ਼ਰਮਾ ਨੇ ਨਗਰ ਪਰਿਸ਼ਦ ਦੇ ਵਾਰਡ ਨੰਬਰ 7 ਵਿਚ ਹੋਈ ਹੋਣ ਵਿਚ ਮਤਦਾਨ ਖ਼ਤਮ ਹੋਣ ਤੋਂ ਇਕ ਘੰਟਾ ਪਹਿਲਾਂ ਭਾਜਪਾ ਦੇ ਪੋਲਿੰਗ ਏਜੰਟ ਨੂੰ ਬਾਹਰ ਕੱਢਣ ਅਤੇ ਇਸ ਚੋਣ ਵਿਚ ਕਾਂਗਰਸ ਪਾਰਟੀ ਵਲੋਂ ਘਪਲੇਬਾਜ਼ੀ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਉਮੀਦਵਾਰ ਕਿਰਨਾ ਦੇਵੀ ਦੇ ਪਤੀ ਰਾਮ ਪਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਅੱਜ ਚੋਣਾਂ ਦੌਰਾਨ ਉਹ ਪੋਲਿੰਗ ਏਜੰਟ ਬਣੇ ਹੋਏ ਸਨ ਤਾਂ ਉਹ ਕਾਂਗਰਸ ਨੂੰ ਜਾਅਲੀ ਵੋਟਾਂ ਪਾਉਣ ਤੋਂ ਰੋਕਣ ਤੇ ਕਾਂਗਰਸ ਦੇ ਪੋਲਿੰਗ ਏਜੰਟ ਨੇ ਬੂਥ ਦੇ ਅੰਦਰ ਹੀ ਉਨਾਂ ਨੂੰ ਥੱਪੜ ਜੜ ਦਿਤਾ ਅਤੇ ਉਨ੍ਹਾਂ ਨੇ ਹੱਥੋਪਾਈ ਕੀਤੀ, ਜਿਸ ਤੋਂ ਬਾਅਦ ਉਹ ਬਾਹਰ ਆ ਗਿਆ ਅਤੇ ਉਨ੍ਹਾਂ ਨੇ ਅਪਣੇ ਭਾਜਪਾ ਦੇ ਵਰਕਰਾਂ ਨਾਲ ਗੱਲਬਾਤ ਕੀਤੀ।