
ਗਣਤੰਤਰ ਦਿਵਸ ਰੈਲੀ 'ਤੇ ਪੱਥਰਬਾਜ਼ੀ ਮਗਰੋਂ ਯੂ.ਪੀ. ਦੇ ਜ਼ਿਲ੍ਹੇ 'ਚ ਤਣਾਅ ਪਸਰਿਆ
ਕਾਸਗੰਜ, 27 ਜਨਵਰੀ: ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਗਣਤੰਤਰ ਦਿਵਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਵਲੋਂ ਕੱਢੀ ਗਈ ਮੋਟਰਸਾਈਕਲ ਰੈਲੀ 'ਤੇ ਕਲ ਹੋਈ ਪੱਥਰਬਾਜ਼ੀ ਤੋਂ ਬਾਅਦ ਪੈਦਾ ਤਣਾਅ ਅਜੇ ਵੀ ਬਣਿਆ ਹੋਇਆ ਹੈ ਅਤੇ ਗ਼ੈਰਸਮਾਜਕ ਤੱਤਾਂ ਨੇ ਅੱਜ ਵੀ ਕੁੱਝ ਦੁਕਾਨਾਂ 'ਚ ਤੋੜਭੰਨ ਅਤੇ ਅੱਗਜ਼ਨੀ ਕੀਤੀ।ਵਿਸ਼ਵ ਹਿੰਦੂ ਪਰਿਸ਼ਦ ਅਤੇ ਏ.ਬੀ.ਵੀ.ਪੀ. ਦੇ ਕਾਰਕੁਨਾਂ ਵਲੋਂ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ 'ਤੇ ਕਲ ਪੱਥਰਬਾਜ਼ੀ ਕਰਨ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਹੋਈ ਅੱਗਜ਼ਨੀ ਅਤੇ ਗੋਲੀਬਾਰੀ 'ਚ ਚੰਦਨ ਨਾਂ ਦੇ ਇਕ ਨਾਬਾਲਗ਼ (16) ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਸਾ ਵਾਲੇ ਇਲਾਕੇ 'ਚ ਕਰਫ਼ਿਊ ਲਾ ਦਿਤਾ ਸੀ।ਜ਼ਿਲ੍ਹੇ 'ਚ ਰੈਪਿਡ ਐਕਸ਼ਨ ਫ਼ੋਰਸ ਅਤੇ ਪੀ.ਏ.ਸੀ. ਦੇ ਜਵਾਨਾਂ ਨੇ ਚੌਕਸੀ ਵਧਾ ਦਿਤੀ ਹੈ। ਘਟਨਾ ਨੂੰ ਮੰਦਭਾਗਾ ਦਸਦਿਆਂ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੁੱਝ ਗ਼ੈਰਸਮਾਜਕ ਤੱਤਾਂ ਨੇ ਅੱਜ ਸ਼ਹਿਰ ਦੇ ਬਾਹਰ ਇਕ ਛੋਟੀ ਦੁਕਾਨ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਕੁੱਝ ਦੁਕਾਨਾਂ 'ਚ ਤੋੜਭੰਨ ਵੀ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਕਾਬੂ ਕੀਤੇ। ਕੁੱਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਕਾਨੂੰਨ ਵਿਵਸਥਾ ਕਾਇਮ ਰੱਖਣ ਤੋਂ ਇਲਾਵਾ ਵੱਖੋ-ਵੱਖ ਧਰਮਾਂ ਦੇ ਲੋਕਾਂ 'ਚ ਮਿੱਤਰਤਾ ਕਾਇਮ ਰਖਣਾ ਹੈ।ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋੜੀਂਦੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਹੈ।ਕਾਸਗੰਜ ਦੇ ਪੁਲਿਸ ਸੂਪਰਡੈਂਟ ਸੁਨੀਲ ਕੁਮਾਰ ਸਿੰਘ ਨੇ ਦਸਿਆ ਕਿ ਗ਼ੈਰਸਮਾਜਕ ਤੱਤਾਂ ਨੇ ਘੰਟਾਘਰ ਬਾਜ਼ਾਰ 'ਚ ਜੁੱਤੀਆਂ ਦੀਆਂ ਦੋ ਦੁਕਾਨਾਂ ਨੂੰ ਅੱਗ ਲਾ ਦਿਤੀ। ਅੱਗ ਬੁਝਾਊ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਇਕ ਛੋਟੀ ਦੁਕਾਨ ਨੂੰ ਵੀ ਅੱਗ ਲਾ ਦਿਤੀ ਗਈ ਜਿਸ ਨੂੰ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਊ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ। ਉੱਤਰ ਪ੍ਰਦੇਸ਼ ਪੁਲਿਸ ਨੇ ਦਸਿਆ ਕਿ ਘਟਨਾ ਦੇ ਸਿਲਸਿਲੇ 'ਚ ਘੱਟ ਤੋਂ ਘੱਟ 49 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਕਾਸਗੰਜ 'ਚ ਪਾਬੰਦੀ ਦੇ ਹੁਕਮ ਲਾਗੂ ਹਨ। ਹਾਲਾਂਕਿ ਉਨ੍ਹਾਂ ਕਰਫ਼ਿਊ ਹਟਾਏ ਜਾਣ ਬਾਰੇ ਸਪੱਸ਼ਟ ਨਹੀਂ ਕੀਤਾ।ਪੁਲਿਸ ਨੇ ਦਸਿਆ ਕਿ ਕੁੱਝ ਅਣਪਛਾਤੇ ਗ਼ੈਰਸਮਾਜਕ ਤੱਤਾਂ ਨੇ ਗਣਤੰਤਰ ਦਿਵਸ ਮੌਕੇ ਕੱਢੀ ਮੋਟਰਸਾਈਕਲ ਰੈਲੀ 'ਤੇ ਪੱਥਰਬਾਜ਼ੀ ਕੀਤੀ ਸੀ। ਪੁਲਿਸ ਅਨੁਸਾਰ ਪੱਥਰਬਾਜ਼ੀ ਦੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ ਬਲਕਿ ਇਹ ਸੱਭ ਕੁੱਝ ਅਚਾਨਕ ਹੋਇਆ ਸੀ।
ਲੰਦਨ: ਲੰਦਨ 'ਚ ਭਾਰਤੀ ਸਫ਼ਾਰਤਖ਼ਾਨੇ ਸਾਹਮਣੇ ਸ਼ੁਕਰਵਾਰ ਸ਼ਾਮ ਨੂੰ ਝੜਪ ਵੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਮੂਲ ਦੇ ਯੂ.ਕੇ. ਦੇ ਇਕ ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਦੀ ਅਗਵਾਈ 'ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸਫ਼ਾਰਤਖ਼ਾਨੇ ਸਾਹਮਣੇ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਹਮਾਇਤ ਪ੍ਰਾਪਤ ਪ੍ਰਦਰਸ਼ਨਕਾਰੀ ਭਾਰਤੀ ਗਣਤੰਤਰ ਦਿਵਸ 26 ਜਨਵਰੀ ਨੂੰ 'ਕਾਲੇ ਦਿਵਸ' ਵਜੋਂ ਮਨਾ ਰਹੇ ਸਨ ਜਿਸ ਦਾ ਕਈ ਭਾਰਤੀ ਅਤੇ ਬ੍ਰਿਟਿਸ਼ ਧੜਿਆਂ ਨੇ ਵਿਰੋਧ ਕੀਤਾ। ਝਗੜੇ ਨੂੰ ਵਧਣ ਤੋਂ ਰੋਕਣ ਲਈ ਪੁਲਿਸ ਨੂੰ ਦਖ਼ਲ ਦੇਣਾ ਪਿਆ।ਲਾਰਡ ਨਜ਼ੀਰ ਅਹਿਮਦ ਦੀ ਅਗਵਾਈ 'ਚ ਸੈਂਕੜੇ ਪ੍ਰਦਰਸ਼ਨਕਾਰੀ ਕਸ਼ਮੀਰ ਅਤੇ ਖ਼ਾਲਿਸਤਾਨ ਦੀ ਆਜ਼ਾਦੀ ਮੰਗ ਰਹੇ ਸਨ ਅਤੇ ਭਾਰਤ ਸਰਕਾਰ ਨੂੰ ਇਨ੍ਹਾਂ ਦੋਹਾਂ ਥਾਂ ਤੇ ਆਜ਼ਾਦੀ ਦਾ ਗਲਾ ਘੁੱਟਣ ਵਾਲੇ ਦੱਸ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ 'ਭਾਰਤ ਕਸ਼ਮੀਰ ਛੱਡੋ : ਆਜ਼ਾਦ ਕਸ਼ਮੀਰ', 'ਖ਼ਾਲਿਸਤਾਨ ਜ਼ਿੰਦਾਬਾਦ' ਅਤੇ 'ਭਾਰਤੀ ਤਸ਼ੱਦਦ ਦੇ 70 ਸਾਲ' ਲਿਖਿਆ ਹੋਇਆ ਸੀ।ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਬਰਾਬਰ ਦੀ ਗਿਣਤੀ 'ਚ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਜਿਸ ਕਾਰਨ ਦੋਹਾਂ ਧਿਰਾਂ 'ਚ ਝੜਪਾਂ ਸ਼ੁਰੂ ਹੋ ਗਈਆਂ ਅਤੇ ਪੁਲਿਸ ਨੂੰ ਦਖ਼ਲ ਦੇਣਾ ਪਿਆ। ਇਸ ਝੜੱਪ ਨੂੰ ਭਾਰਤੀ ਹਾਈ ਕਮਿਸ਼ਨਰ ਨੇ 'ਦਾਗ਼ੀ ਸਿਆਸਤਦਾਨ ਵਲੋਂ ਨਿਰਾਸ਼ਾ 'ਚ ਚੁਕਿਆ' ਦਸਿਆ ਹੈ।ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਨਜ਼ੀਰ ਅਹਿਮਦ ਪਾਕਿਸਤਾਨ ਦੇ ਹੱਥਾਂ 'ਚ ਖੇਡ ਕੇ ਬ੍ਰਿਟਿਸ਼ ਸਿਸਟਮ ਦਾ ਮਜ਼ਾਕ ਉਡਾ ਰਹੇ ਹਨ। ਲਾਰਡ ਨਜ਼ੀਰ ਅਹਿਮਦ ਕਈ ਵਿਵਾਦਾਂ 'ਚ ਫੱਸ ਚੁੱਕੇ ਵਿਵਾਦਤ ਵਿਅਕਤੀ ਰਹੇ ਹਨ। ਉਨ੍ਹਾਂ 'ਤੇ ਖ਼ਤਰਨਾਕ ਤਰੀਕੇ ਨਾਲ ਕਾਰ ਚਲਾਉਣ ਦਾ ਵੀ ਦੋਸ਼ ਹੈ। ਉਨ੍ਹਾਂ ਨੂੰ ਯਹੂਦੀਆਂ ਦਾ ਵਿਰੋਧੀ ਅਤੇ ਕੱਟੜ ਇਸਲਾਮੀਆਂ ਦਾ ਹਮਾਇਤੀ ਹੋਣ ਕਰ ਕੇ ਲੇਬਰ ਪਾਰਟੀ 'ਚੋਂ ਬਾਹਰ ਕਰ ਦਿਤਾ ਗਿਆ ਸੀ।ਪ੍ਰਦਰਸ਼ਨ ਦਾ ਵਿਰੋਧ ਕਰ ਰਹੇ ਇਕ ਭਾਰਤੀ ਮੂਲ ਦੇ ਵਿਅਕਤੀ ਨੇ ਦਸਿਆ, ''ਮੈਂ ਇਥੇ ਲਾਰਡ ਨਜ਼ੀਰ ਅਹਿਮਦ ਨੂੰ ਦੱਸਣ ਆਇਆ ਹਾਂ ਕਿ ਉਹ ਜੰਮੂ-ਕਸ਼ਮੀਰ ਲਈ ਆਜ਼ਾਦੀ ਮੰਗ ਰਹੇ ਸਨ ਪਰ ਮੈਂ ਪਾਕਿਸਤਾਨ ਵਲੋਂ ਅਤਿਵਾਦ ਨੂੰ ਦਿਤੀ ਜਾ ਰਹੀ ਸ਼ਹਿ ਤੋਂ ਆਜ਼ਾਦੀ ਮੰਗ ਰਿਹਾ ਹਾਂ।''ਭਾਰਤੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਲੰਦਨ 'ਚ ਭਾਰਤੀ ਮੂਲ ਦੇ ਲੋਕਾਂ ਦੇ ਹੱਕ 'ਚ ਕਿਹਾ, ''ਲੰਦਨ 'ਚ ਭਾਰਤ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰਾ ਸਲਾਮ। ਇਹੋ ਜਿਹੇ ਤੱਕ ਭਾਰਤ ਦੀ ਆਤਮਾ ਨੂੰ ਢਾਹ ਨਹੀਂ ਲਾ ਸਕਦੇ।'' (ਏਜੰਸੀ)