ਗੌਰੀ ਲੰਕੇਸ਼ ਦੇ ਕਤਲ ਵਿਰੁਧ ਦੇਸ਼ ਭਰ 'ਚ ਪ੍ਰਦਰਸ਼ਨ
Published : Sep 6, 2017, 10:52 pm IST
Updated : Sep 6, 2017, 5:22 pm IST
SHARE ARTICLE


ਬੰਗਲੌਰ/ਨਵੀਂ ਦਿੱਲੀ, 6 ਸਤੰਬਰ: ਬੰਗਲੌਰ ਆਧਾਰਤ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ ਲੈ ਕੇ ਸਮੁੱਚੇ ਦੇਸ਼, ਖ਼ਾਸ ਕਰ ਕੇ ਪੱਤਰਕਾਰਾਂ ਵਿਚ ਗੁੱਸਾ ਹੈ। ਇਸ ਕਤਲ ਵਿਰੁਧ ਪੱਤਰਕਾਰਾਂ ਅਤੇ ਸਮਾਜਕ ਸਮੂਹਾਂ ਨੇ ਅੱਜ ਦਿੱਲੀ, ਬੰਗਲੌਰ, ਮੁੰਬਈ ਅਤੇ ਦੇਸ਼ ਦੇ ਕਈ ਦੂਜੇ ਸ਼ਹਿਰਾਂ 'ਚ ਪ੍ਰਦਰਸ਼ਨ ਕੀਤਾ। ਸਿਆਸੀ ਪਾਰਟੀਆਂ ਨੇ ਵੀ ਘਟਨਾ ਦੀ ਨਿੰਦਾ ਕੀਤੀ। ਹਾਲਾਂਕਿ ਕਾਂਗਰਸ ਅਤੇ ਭਾਜਪਾ ਨੇ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ਉਤੇ ਨਿਸ਼ਾਨਾ ਲਾਇਆ।

ਦੂਜੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਲਈ ਅੱਜ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਉਣ ਦਾ ਫ਼ੈਸਲਾ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਉਨ੍ਹਾਂ ਕੋਲ ਸਾਰੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ। ਪੱਤਰਕਾਰ ਦੇ ਕਤਲ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਰਨਾਟਕ ਸਰਕਾਰ ਤੋਂ ਵਾਰਦਾਤ ਬਾਰੇ ਰੀਪੋਰਟ ਮੰਗੀ ਹੈ।

ਪੱਤਰਕਾਰਾਂ ਨੇ ਦਿੱਲੀ ਸਥਿਤੀ ਪ੍ਰੈੱਸ ਕਲੱਬ ਆਫ਼ ਇੰਡੀਆ 'ਚ ਵਿਰੋਧ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨੇ ਗੌਰੀ ਲਈ ਇਨਸਾਫ਼ ਦੀ ਮੰਗ ਕੀਤੀਅਤੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਨਾਲ ਡੱਟ ਕੇ ਮੁਕਾਬਲਾ ਕਰਨ ਦਾ ਸੱਦਾ ਦਿਤਾ। ਲੇਖਕ ਅਤੇ ਸੀਨੀਅਰ ਪੱਤਰਕਾਰ ਪਰਾਜੇ ਗੁਹਾ ਠਾਕੁਰਤਾ ਨੇ ਗੌਰੀ ਦੇ ਕਤਲ ਨੂੰ ਭਾਰਤੀ ਮੀਡੀਆ ਦੇ ਇਤਿਹਾਸ 'ਚ 'ਫ਼ੈਸਲਾਕੁੰਨ ਪਲ' ਕਰਾਰ ਦਿਤਾ। ਉਨ੍ਹਾਂ ਕਿਹਾ, ''ਅਸੀ ਵੇਖ ਰਹੇ ਹਾਂ ਕਿ ਖੁੱਲ੍ਹੀ ਸੋਚ ਦੀ ਗੁੰਜਾਇਸ਼ ਘੱਟ ਹੁੰਦੀ ਜਾ ਰਹੀ ਹੈ। ਉਹ ਅਜਿਹੇ ਲੋਕਾਂ ਨੂੰ ਚੁਪ ਕਰਾਉਣਾ ਚਾਹੁੰਦੇ ਹਨ ਜੋ ਸੱਤਾ ਦਾ ਸਾਹਮਣਾ ਸੱਚ ਨਾਲ ਕਰਵਾਉਣਾ ਚਾਹੁੰਦੇ ਹਨ। ਅਸੀ ਚੁਪ ਨਹੀਂ ਰਹਿ ਸਕਦੇ ਕਿਉਂਕਿ ਉਹ ਤਾਂ ਇਹੀ ਚਾਹੁੰਦੇ ਹਨ। ਬਿਲਕੁਲ ਚੁਪ ਨਾ ਰਹੋ। ਇਹ ਉਨ੍ਹਾਂ ਦੀ ਕਾਮਯਾਬੀ ਹੋਵੇਗੀ।''
ਸਿਆਸੀ ਪਾਰਟੀਆਂ ਨੇ ਵੀ ਇਸ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ।

ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਬੀ.ਜੇ.ਪੀ. ਨੂੰ ਘੇਰਿਆ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਇਸ ਘਟਨਾ ਦੇ ਤਾਰ ਬੀ.ਜੇ.ਪੀ. ਜਾਂ ਉਸ ਦੇ ਲੋਕਾਂ ਨਾਲ ਕਥਿਤ ਤੌਰ 'ਤੇ ਜੁੜੇ ਹੋਣ ਦੇ ਦੋਸ਼ਾਂ ਨੂੰ 'ਗ਼ੈਰਜ਼ਿੰਮੇਵਾਰਾਨਾ, ਬੇਬੁਨਿਆਦ ਅਤੇ ਫ਼ਰਜ਼ੀ' ਕਰਾਰ ਦਿਤਾ।

ਪੱਤਰਕਾਰ ਦੇ ਕਤਲ ਦੀ ਨਿੰਦਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਹ ਘਟਨਾ ਇਸ ਗੱਲ ਦੀ ਭਿਆਨਕ ਯਾਦ ਦਿਵਾਉਂਦੀ ਹੈ ਕਿ ਅਸਹਿਣਸ਼ੀਲਤਾ ਅਤੇ ਕੱਟੜਤਾ ਸਾਡੇ ਸਮਾਜ 'ਚ ਸਿਰ ਚੁੱਕ ਰਹੀ ਹੈ। ਪਾਰਟੀ ਨੇ ਨਾਲ ਹੀ ਕਿਹਾ ਕਿ ਯੂ.ਪੀ.ਏ. ਦੇ 10 ਸਾਲਾਂ ਦੇ ਕਾਰਜਕਾਲ 'ਚ ਅਜਿਹੀ ਕੋਈ ਘਟਨਾ ਨਹੀਂ ਹੋਈ ਜਦਕਿ 2014 'ਚ ਕੇਂਦਰ 'ਚ ਭਾਜਪਾ ਸਰਕਾਰ ਆਉਣ ਮਗਰੋਂ ਪਨਸਾਰੇ, ਦਾਭੋਲਕਰ, ਕਲਬੁਰਗੀ ਮਗਰੋਂ ਹੁਣ ਗੌਰੀ ਲੰਕੇਸ਼ ਨੂੰ ਉਨ੍ਹਾਂ ਦੇ ਆਜ਼ਾਦ ਵਿਚਾਰਾਂ ਕਰ ਕੇ ਨਿਸ਼ਾਨਾ ਬਣਾਇਆ ਗਿਆ। ਪਾਰਟੀ ਨੇ ਕਿਹਾ ਕਿ 2014 ਤੋਂ ਬਾਅਦ ਤੋਂ ਦੇਸ਼ 'ਚ ਅਸਹਿਣਸ਼ੀਲਤਾ ਅਤੇ ਡਰ ਦਾ ਜੋ ਮਾਹੌਲ ਬਣਾਇਆ ਗਿਆ ਹੈ ਉਸ ਕਰ ਕੇ ਇਹ ਘਟਨਾਵਾਂ ਹੋ ਰਹੀਆਂ ਹਨ।

ਦੂਜੇ ਪਾਸੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਨੀਆ ਦੇ ਬਿਆਨਾਂ ਨੂੰ ਲੈ ਕੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬੀ.ਜੇ.ਪੀ. ਅਤੇ ਪ੍ਰਧਾਨ ਮੰਤਰੀ ਵਿਰੁਧ 'ਫ਼ਰਜ਼ੀ' ਦੋਸ਼ ਲਾਉਣਾ ਉਨ੍ਹਾਂ ਦੀ ਪਾਰਟੀ ਪ੍ਰਤੀ ਅਨਿਆਂ ਅਤੇ ਲੋਕਤੰਤਰ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ, ਬੀ.ਜੇ.ਪੀ. ਜਾਂ ਇਸ ਦੇ ਕਿਸੇ ਸੰਗਠਨ ਦਾ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨਾਲ ਕੋਈ ਸਬੰਧ ਨਹੀਂ ਹੈ।  ਉਧਰ ਨਵੀਂ ਦਿੱਲੀ 'ਚ ਸਥਿਤੀ ਅਮਰੀਕੀ ਸਫ਼ਾਰਤਖ਼ਾਨੇ ਨੇ ਵੀ ਇਸ ਕਤਲ ਦੀ ਆਲੋਚਨਾ ਕੀਤੀ ਹੈ। ਸਫ਼ਾਰਤਖ਼ਾਨੇ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਕਤਲ ਵਿਰੁਧ ਭਾਰਤ ਸਮੇਤ ਦੁਨੀਆਂ ਭਰ 'ਚ ਪ੍ਰੈੱਸ ਦੀ ਆਜ਼ਾਦੀ ਦੇ ਹਵਾਲੇ ਨਾਲ ਹੋ ਰਹੀ ਆਲੋਚਨਾ 'ਚ ਅਮਰੀਕੀ ਸਫ਼ਾਰਤਖ਼ਾਨਾ ਅਪਣਾ ਸੁਰ ਮਿਲਾਉਂਦਾ ਹੈ।

ਸਫ਼ਾਰਤਖ਼ਾਨੇ ਨੇ ਲੰਕੇਸ਼ ਕਤਲਕਾਂਡ ਉਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ। ਗੌਰੀ ਲੰਕੇਸ਼ ਦਾ ਅੱਜ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਸਮੇਤ ਕਈ ਸਿਆਸੀ ਪਤਵੰਤੇ, ਰੰਗਮੰਚ ਦੀਆਂ ਹਸਤੀਆਂ, ਪੱਤਰਕਾਰ ਅਤੇ ਸਮਾਜਕ ਕਾਰਕੁਨ ਮੌਜੂਦ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ 'ਚ ਲੋਕ ਪੁੱਜੇ ਸਨ। ਲਿੰਗਾਇਤ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਦਫ਼ਨ ਕੀਤਾ ਗਿਆ।

55 ਸਾਲਾਂ ਦੀ ਇਸ ਕੰਨੜ ਪੱਤਰਕਾਰ ਦਾ ਕਲ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਹ ਖੱਬੇ ਪੱਖੀ ਝੁਕਾਅ ਅਤੇ ਹਿੰਦੂਤਵ ਦੀ ਸਿਆਸਤ ਵਿਰੁਧ ਸਪੱਸ਼ਟਵਾਦੀ ਵਿਚਾਰਾਂ ਲਈ ਮਸ਼ਹੂਰ ਸਨ। ਗੌਰੀ ਅਪਣੀ ਕਾਰ ਤੋਂ ਘਰ ਵਾਪਸ ਪਰਤੀ ਸੀ ਅਤੇ ਗੇਟ ਖੋਲ੍ਹ ਰਹੀ ਸੀ ਜਦੋਂ ਮੋਟਰਸਾਈਕਲ ਉਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਕੰਨੜ ਪੱਤਰਕਾਰਿਤਾ 'ਚ ਕੁੱਝ ਮਹਿਲਾ ਸੰਪਾਦਕ 'ਚ ਸ਼ਾਮਲ ਗੌਰੀ ਸਰਗਰਮ ਕਾਰਕੁਨ ਸੀ ਜੋ ਕਿ ਨਕਸਲ ਹਮਾਇਤੀ ਅਤੇ ਖੱਬੇ ਪੱਖੀ ਵਿਚਾਰਾਂ ਨੂੰ ਖੁੱਲ੍ਹੇ ਤੌਰ 'ਤੇ ਪ੍ਰਗਟਾਉਂਦੀ ਸੀ। ਸਾਲ 1962 'ਚ ਜੰਮੀ ਗੌਰੀ ਕੰਨੜ ਪੱਤਰਕਾਰ ਅਤੇ ਕੰਨੜ ਹਫ਼ਤਾਵਾਰੀ ਅਖ਼ਬਾਰ 'ਗੌਰੀ ਲੰਕੇਸ਼ ਪੱਤਰਿਕਾ' ਦੀ ਸ਼ੁਰੂਆਤ ਕੀਤੀ ਸੀ।  (ਪੀਟੀਆਈ)

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement