
ਨਵੀਂ ਦਿੱਲੀ, 18 ਦਸੰਬਰ : ਰਾਜਸੀ ਤੌਰ 'ਤੇ ਅਹਿਮ ਮੰਨੀਆਂ ਜਾਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਫਸਵੇਂ ਮੁਕਾਬਲੇ ਵਿਚ ਭਾਜਪਾ ਨੇ ਜਿੱਤ ਹਾਸਲ ਕਰ ਕੇ 22 ਸਾਲ ਤੋਂ ਚੱਲੀ ਆ ਰਹੀ ਅਪਣੀ ਹਕੂਮਤ ਕਾਇਮ ਰੱਖੀ ਹੈ ਜਦਕਿ ਕਾਂਗਰਸ ਦੇ ਰਾਜ ਵਾਲੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਇਸ ਪਹਾੜੀ ਰਾਜ ਵਿਚ ਦੁਬਾਰਾ ਸੱਤਾ ਹਾਸਲ ਕਰ ਲਈ ਹੈ। ਉਂਜ ਕਾਂਗਰਸ ਨੂੰ ਇਹ ਤਸੱਲੀ ਰਹੇਗੀ ਕਿ ਗੁਜਰਾਤ ਵਿਚ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਪਾਰਟੀ ਸੀਟਾਂ ਦਾ ਅੰਕੜਾ ਵਧਾ ਕੇ ਕਾਮਯਾਬ ਰਹੀ ਹੈ। ਦੋਹਾਂ ਰਾਜਾਂ ਵਿਚ ਜਿੱਤ ਨਾਲ ਭਾਜਪਾ ਅੰਦਰ ਜਸ਼ਨ ਦਾ ਮਾਹੌਲ ਹੈ। ਗੁਜਰਾਤ ਦੀਆਂ ਕੁਲ 182 ਸੀਟਾਂ ਵਿਚੋਂ ਭਾਜਪਾ ਬਹੁਮਤ ਦੇ ਜਾਦੂਈ ਅੰਕ ਯਾਨੀ 92 ਸੀਟਾਂ ਦੇ ਅੰਕੜੇ ਨੂੰ ਪਾਰ ਕਰ ਗਈ। ਗੁਜਰਾਤ 'ਚ ਭਾਜਪਾ ਨੇ 99 ਅਤੇ ਕਾਂਗਰਸ ਨੇ 80 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਸਾਲ 2012 ਵਿਚ ਭਾਜਪਾ ਨੇ 115 ਅਤੇ ਕਾਂਗਰਸ ਨੇ 61 ਸੀਟਾਂ ਜਿੱਤੀਆਂ ਸਨ। ਹਿਮਾਚਲ ਦੀ 68 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ 44 ਤੇ ਕਾਂਗਰਸ ਨੇ 21 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਗੁਜਰਾਤ ਵਿਚ ਰਾਕਾਂਪਾ ਨੇ ਇਕ ਅਤੇ ਭਾਰਤੀ ਟਰਾਈਬਲ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਗੁਜਰਾਤ ਦੀ ਭਾਜਪਾ ਸਰਕਾਰ ਦੇ ਪੰਜ ਮੰਤਰੀ ਵੀ ਚੋਣਾਂ ਹਾਰ ਗਏ। ਉਂਜ, ਭਾਜਪਾ ਨੂੰ ਗੁਜਰਾਤ ਵਿਚ ਸਾਧਾਰਣ ਬਹੁਮਤ ਪ੍ਰਾਪਤ ਹੋਇਆ ਹੈ।
ਉਧਰ, ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਵੱਡੀ ਜਿੱਤ ਦੇ ਬਾਵਜੂਦ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਅਤੇ ਪ੍ਰਦੇਸ਼ ਪ੍ਰਧਾਨ ਸੱਤਪਾਲ ਸਿੰਘ ਸੱਤੀ ਦੀ ਹਾਰ ਨੇ ਪਾਰਟੀ ਨੂੰ ਵੱਡਾ ਝਟਕਾ ਦਿਤਾ ਹੈ। ਸੱਤਾਧਿਰ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਵੀ ਮੁੱਖ ਮੰਤਰੀ ਵੀਰਭੱਦਰ ਸਿੰਘ ਅਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ ਪਰ ਵੀਰਭਦਰ ਸਰਕਾਰ ਦੇ ਕਈ ਸੀਨੀਅਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 83 ਸਾਲਾ ਵੀਰਭਦਰ ਸਿੰਘ ਨੇ ਅਰਕੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਤਨ ਸਿੰਘ ਪਾਲ ਨੂੰ ਕਰੀਬ 6,000 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ 73 ਸਾਲਾ ਧੂਮਲ ਨੂੰ ਸੁਜਾਨਪੁਰ ਸੀਟ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਸੁਜਾਨਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਰਾਜਿੰਦਰ ਰਾਣਾ ਨੇ ਧੂਮਲ ਨੂੰ ਕਰੀਬ 3000 ਵੋਟਾਂ ਨਾਲ ਹਰਾ ਦਿਤਾ। ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੇ ਸੱਤਾ ਹਾਸਲ ਕਰਨ ਮਗਰੋਂ ਭਾਜਪਾ ਦੀਆਂ 19 ਰਾਜਾਂ ਵਿਚ ਸਰਕਾਰਾਂ ਬਣ ਗਈਆਂ ਹਨ। ਭਾਜਪਾ ਇਨ੍ਹਾਂ ਰਾਜਾਂ ਵਿਚ ਆਜ਼ਾਦ ਜਾਂ ਗਠਜੋੜ ਭਾਈਵਾਲਾਂ ਨਾਲ ਮਿਲ ਕੇ ਸਰਕਾਰਾਂ ਚਲਾ ਰਹੀ ਹੈ। ਸਿਰਫ਼ ਪੰਜ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਰਹਿ ਗਈਆਂ ਹਨ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਜਪਾ ਨੇ ਕਾਂਗਰਸ ਨੂੰ ਮਹਾਰਾਸ਼ਟਰ, ਹਰਿਆਣਾ, ਝਾਰਖੰਡ, ਆਸਾਮ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਮਣੀਪੁਰ ਦੀ ਸੱਤਾ ਤੋਂ ਲਾਂਭੇ ਕੀਤਾ ਹੈ। ਕਰਨਾਟਕ ਵਿਚ ਅਗਲੇ ਵਰ੍ਹੇ ਚੋਣਾਂ ਹੋਣੀਆਂ ਹਨ। ਭਾਜਪਾ ਸਿਰਫ਼ ਉਨ੍ਹਾਂ ਰਾਜਾਂ ਵਿਚ ਹਾਰੀ ਜਿਥੇ ਉਹ ਪਹਿਲਾਂ ਵੀ ਕਦੇ ਸੱਤਾ ਦੀ ਮਜ਼ਬੂਤ ਦਾਅਵੇਦਾਰ ਨਹੀਂ ਰਹੀ। ਇਨ੍ਹਾਂ ਰਾਜਾਂ ਵਿਚ ਪਛਮੀ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਹਨ। (ਏਜੰਸੀ)