
ਨਵੀਂ ਦਿੱਲੀ, 18 ਦਸੰਬਰ : ਗੁਜਰਾਤ ਚੋਣਾਂ ਵਿਚ ਸੱਤਾਧਾਰੀ ਭਾਜਪਾ ਦੇ ਬਹੁਤੇ ਸੀਨੀਅਰ ਆਗੂਆਂ ਨੂੰ ਜਿੱਤ ਮਿਲੀ ਹੈ ਜਦਕਿ ਕਾਂਗਰਸ ਦੇ ਕੁੱਝ ਵੱਡੇ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮੁੱਖ ਮੰਤਰੀ ਵਿਜੇ ਰੂਪਾਨੀ, ਉਪ ਮੁੱਖ ਮੰਤਰੀ ਨਿਤਿਨ ਪਟੇਲ, ਪ੍ਰਦੇਸ਼ ਭਾਜਪਾ ਪ੍ਰਧਾਨ ਜੀਤੂ ਬਾਘਾਨੀ ਜਿਹੇ ਵੱਡੇ ਆਗੂਆਂ ਨੂੰ ਜਿੱਤ ਮਿਲੀ ਹੈ ਜਦਕਿ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਰਜੁਨ ਮੋੜਵਾਡਿਆ, ਸਿਧਾਰਥ ਚਿਮਨਭਾਈ ਪਟੇਲ ਅਤੇ ਕੌਮੀ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਂਜ ਪਰੇਸ਼ ਧਨਾਨੀ ਅਤੇ ਅਲਪੇਸ਼ ਠਾਕੁਰ ਜਿਹੇ ਨੌਜਵਾਨ ਕਾਂਗਰਸ ਆਗੂਆਂ ਨੂੰ ਜਿੱਤ ਮਿਲੀ ਹੈ। ਕਾਂਗਰਸ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਜਿਗਨੇਸ਼ ਮੇਵਾਨੀ ਨੇ ਵੀ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਗੁਜਰਾਤ ਵਿਚ ਭਾਜਪਾ ਦੇ ਪੰਜ ਮੰਤਰੀ ਵੀ ਚੋਣਾਂ ਹਾਰ ਗਏ।ਮੁੱਖ ਮੰਤਰੀ ਅਤੇ ਰਾਜਕੋਟ ਤੋਂ ਉਮੀਦਵਾਰ ਵਿਜੇ ਰੂਪਾਨੀ ਨੇ ਕਾਂਗਰਸ ਦੇ ਅਰਬਪਤੀ ਉਮੀਦਵਾਰ ਇੰਦਰਨੀਲ ਰਾਜਗੁਰੂ ਨੂੰ 53,755 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ਨਿਤਿਨ ਪਟੇਲ ਨੇ ਮਹੇਸਾਨਾ ਸੀਟ ਤੋਂ ਕਾਂਗਰਸ ਦੇ ਜੀਵਾਭਾਈ ਅੰਬਾਲਾਲ ਨੂੰ ਕਰੀਬ 8,000 ਵੋਟਾਂ ਨਾਲ ਹਰਾਇਆ। ਕਾਂਗਰਸ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਜਿਗਨੇਸ਼ ਮੇਵਾਨੀ ਨੇ ਕਰੀਬ 20,000 ਵੋਟਾਂ ਨਾਲ ਭਾਜਪਾ ਦੇ ਉਮੀਦਵਾਰ ਨੂੰ ਹਰਾਇਆ। ਓਬੀਸੀ ਨੇਤਾ ਅਲਪੇਸ਼ ਠਾਕੁਰ ਨੇ ਭਾਜਪਾ ਉਮੀਦਵਾਰ ਲਵਿੰਗਜੀ ਮੂਲਜੀ ਠਾਕੁਰ ਨੂੰ ਕਰੀਬ 15,000 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਸੂਬੇ ਦੇ ਸਾਬਕਾ ਮੁੱਖ ਮੰਤਰੀ ਚਿਮਨ ਭਾਈ ਪਟੇਲ ਦੇ ਬੇਟੇ ਅਤੇ ਦਾਭੋਈ ਤੋਂ ਕਾਂਗਰਸ ਉਮੀਦਵਾਰ ਸਿਧਾਰਥ ਚਿਮਨ ਭਾਈ ਪਟੇਲ ਨੂੰ ਭਾਜਪਾ ਦੇ ਕਨਈਆ ਲਾਲ ਨੇ ਕਰੀਬ 2800 ਵੋਟਾਂ ਨਾਲ ਹਰਾਇਆ। ਹਿਮਾਚਲ ਦੇ ਮੁੱਖ ਮੰਤਰੀ ਵੀਰਭਦਰ ਦੇ ਬੇਟੇ ਅਤੇ ਪਹਿਲੀ ਵਾਰ ਚੋਣ ਲੜ ਰਹੇ ਵਿਕਰਮਾਦਿਤਯ ਸਿੰਘ ਨੇ ਸ਼ਿਮਲਾ ਗ੍ਰਾਮੀਣ ਤੋਂ ਕਰੀਬ 5000 ਵੋਟਾਂ ਨਾਲ ਜਿੱਤ ਦਰਜ ਕੀਤੀ। ਹਿਮਾਚਲ ਸਰਕਾਰ ਦੇ ਸੱਭ ਤੋਂ ਸੀਨੀਅਰ ਮੰਤਰੀ ਕੌਲ ਸਿੰਘ ਠਾਕੁਰ ਨੂੰ ਦਰੰਗ ਸੀਟ ਤੋਂ ਭਾਜਪਾ ਦੇ ਉਮੀਦਵਾਰ ਜਵਾਹਰ ਠਾਕੁਰ ਨੇ ਕਰੀਬ 6500 ਵੋਟਾਂ ਨਾਲ ਹਰਾ ਦਿਤਾ ਜਦਕਿ ਕੈਬਨਿਟ ਮੰਤਰੀ ਪ੍ਰਕਾਸ਼ ਸਿੰਘ ਚੌਧਰੀ ਨੂੰ 13000 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਪ੍ਰਦੇਸ਼ ਪ੍ਰਧਾਨ ਸਤਪਾਲ ਸਿੰਘ ਸੱਤੀ ਨੂੰ ਊਨਾ ਸੀਟ ਤੋਂ ਕਾਂਗਰਸ ਉਮੀਦਵਾਰ ਸੱਤਪਾਲ ਸਿੰਘ ਰਾਏਜਾਦਾ ਦੇ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ। ਰਾਏਜਾਦਾ ਨੇ ਸੱਤੀ ਨੂੰ ਕਰੀਬ 3000 ਵੋਟਾਂ ਨਾਲ ਹਰਾਇਆ। ਧਰਮਸ਼ਾਲਾ ਵਿਚ ਭਾਜਪਾ ਦੇ ਕਿਸ਼ਾਨ ਕਪੂਰ ਨੇ ਸ਼ਹਿਰੀ ਵਿਕਾਸ ਮੰਤਰੀ ਅਤੇ ਕਾਂਗਰਸ ਉਮੀਦਵਾਰ ਸੁਧੀਰ ਸ਼ਰਮਾ ਨੂੰ ਕਰੀਬ 3000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੁਲੂ ਸੀਟ ਤੋਂ ਕਾਂਗਰਸ ਉਮੀਦਵਾਰ ਸੁੰਦਰ ਸਿੰਘ ਠਾਕੁਰ ਨੇ ਭਾਜਪਾ ਦੇ ਮਹੇਸ਼ਵਰ ਸਿੰਘ ਨੂੰ ਕਰੀਬ 1500 ਵੋਟਾਂ ਨਾਲ ਹਰਾਇਆ। ਡੇਹਰਾ ਤੋਂ ਆਜ਼ਾਦ ਉਮੀਦਵਾਰ ਹੁਸ਼ਿਆਰ ਸਿੰਘ ਨੇ ਭਾਜਪਾ ਅਤੇ ਕਾਂਗਰਸ ਦੇ ਵੱਡੇ ਆਗੂਆਂ ਰਵਿੰਦਰ ਰਵੀ ਅਤੇ ਵਿਲੱਭ ਠਾਕੁਰ ਨੂੰ ਵੱਡੇ ਫ਼ਰਕ ਨਾਲ ਹਰਾਇਆ। ਮੰਤਰੀ ਧਨੀ ਰਾਮ ਨੇ ਸੋਲਨ ਤੋਂ ਅਪਣੇ ਜਵਾਈ ਅਤੇ ਭਾਜਪਾ ਉਮੀਦਵਾਰ ਰਾਜੇਸ਼ ਕਸ਼ਿਅਪ ਨੂੰ 671 ਵੋਟਾਂ ਨਾਲ ਹਰਾਇਆ। ਰਾਜ ਵਿਚ ਖੱਬੇਪੱਖ ਦਾ ਚਿਹਰਾ ਮੰਨੇ ਜਾਣ ਵਾਲੇ ਸੀਪੀਐਮ ਆਗੂ ਰਾਕੇਸ਼ ਸਿੰਘਾ ਨੇ ਠਿਯੋਗ ਸੀਟ ਤੋਂ ਭਾਜਪਾ ਉਮੀਦਵਾਰ ਰਾਕੇਸ਼ ਵਰਮਾ ਨੂੰ ਕਰੀਬ 2000 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਿੰਘਾ ਪਹਿਲਾਂ 1993 ਵਿਚ ਸ਼ਿਮਲਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਣੇ ਸਨ। ਸੂਬੇ ਦੇ ਆਵਾਜਾਈ ਮੰਤਰੀ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ।