
ਸਾਨ ਫ਼ਰਾਂਸਿਸਕੋ, 22 ਨਵੰਬਰ : ਉਬੇਰ ਨੇ ਬੁਧਵਾਰ ਨੂੰ ਕਿਹਾ ਕਿ ਹੈਕਰਾਂ ਨੇ ਉਸ ਦੇ 5 ਕਰੋੜ 70 ਲੱਖ ਚਾਲਕਾਂ ਅਤੇ ਗਾਹਕਾਂ ਦਾ ਡਾਟਾ ਚੋਕੀ ਕੀਤਾ ਸੀ। ਡਾਟਾ ਚੋਰੀ ਦਾ ਮਾਮਲਾ ਇਕ ਸਾਲ ਪਹਿਲਾਂ ਦਾ ਹੈ, ਪਰ ਉਬੇਰ ਨੇ ਇਹ ਗੱਲ ਹੁਣ ਸਵੀਕਾਰੀ ਹੈ।ਉਬੇਰ ਦੇ ਸੀ.ਈ.ਓ. ਦਾਰਾ ਖੋਸਤਰੋਵਸ਼ਾਹੀ ਨੇ ਕਿਹਾ, ''ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਪਰ ਮੈਂ ਇਸ ਲਈ ਕੋਈ ਸਫ਼ਾਈ ਨਹੀਂ ਦੇਵਾਂਗਾ।'' ਉਥੇ ਹੀ ਉਬੇਰ ਨੇ ਡਾਟਾ ਖ਼ਤਮ ਕਰਨ ਲਈ ਹੈਕਰਾਂ ਨੂੰ 1 ਲੱਖ ਡਾਲਰ (ਲਗਭਗ 65 ਲੱਖ ਰੁਪਏ) ਦਿਤੇ ਸਨ। ਜ਼ਿਕਰਯੋਗ ਹੈ ਕਿ ਖੋਸਤਰੋਵਸ਼ਾਹੀ ਨੇ ਇਸੇ ਸਾਲ ਅਗਸਤ ਵਿਚ ਉਬੇਰ ਕੰਪਨੀ 'ਚ ਅਹੁਦਾ ਸੰਭਾਲਿਆ ਸੀ।ਨਿਊਜ਼ ਏਜੰਸੀ ਮੁਤਾਬਕ ਖੋਸਤਰੋਵਸ਼ਾਹੀ ਨੇ ਕਿਹਾ, ''ਦੋ ਮੈਂਬਰੀ ਉਬੇਰ ਇਨਫ਼ਾਰਮੇਸ਼ਨ ਸਕਿਊਰਿਟੀ ਟੀਮ ਨੇ ਵੀ ਕੋਈ ਚਿਤਾਵਨੀ ਨਹੀਂ ਦਿਤੀ ਕਿ ਸਾਨ ਫ਼ਰਾਂਸਿਸਕੋ ਸਥਿਤ ਕੰਪਨੀ ਤੋਂ ਡਾਟਾ ਚੋਰੀ ਹੋ ਰਿਹਾ ਹੈ। ਹਾਲ ਹੀ 'ਚ ਮੈਨੂੰ ਪਤਾ ਲੱਗਾ ਕਿ ਬਾਹਰੀ ਲੋਕਾਂ ਨੇ ਕੰਪਨੀ ਦੇ ਸਰਵਰ 'ਚ ਸਨ੍ਹ ਲਗਾ
ਕੇ ਡਾਟਾ ਹਾਸਲ ਕੀਤਾ ਅਤੇ ਕਈ ਅਹਿਮ ਜਾਣਕਾਰੀਆਂ ਡਾਊਨਲੋਡ ਕਰ ਲਈਆਂ।'' ਉਬੇਰ ਨੇ ਮੰਨਿਆ ਹੈ ਕਿ ਜਿਹੜੀਆਂ ਫ਼ਾਈਲਾਂ ਚੋਰੀਆਂ ਹੋਈਆਂ ਹਨ, ਉਨ੍ਹਾਂ 'ਚ ਲੋਕਾਂ ਦੇ ਨਾਂ, ਈਮੇਲ ਐਡਰੈਸ, ਉਬੇਰ 'ਚ ਸਫ਼ਰ ਕਰਨ ਵਾਲੇ ਗਾਹਕਾਂ ਦੇ ਮੋਬਾਈਲ ਨੰਬਰ, ਡਰਾਈਵਰਾਂ ਦੇ ਨਾਂ ਅਤੇ ਲਾਈਸੈਂਸ ਸ਼ਾਮਲ ਹਨ। ਉਬਰ 'ਚ ਲਗਭਗ 6 ਲੱਖ ਡਰਾਈਵਰ ਹਨ।
ਇਸ ਮਾਮਲੇ 'ਚ ਉਬੇਰ ਨਾਲ ਸਬੰਧਤ ਇਕ ਵਿਅਕਤੀ ਨੇ ਦਸਿਆ ਕਿ ਕੰਪਨੀ ਨੇ ਹੈਕਰਾਂ ਨੂੰ ਡਾਟਾ ਖ਼ਤਮ ਕਰਨ ਲਈ ਲਗਭਗ 65 ਲੱਖ ਰੁਪਏ ਦਿਤੇ ਸਨ। ਇਸ ਤੋਂ ਇਲਾਵਾ ਡਰਾਈਵਰਾਂ-ਗਾਹਕਾਂ ਦੀ ਜਾਣਕਾਰੀ ਜਨਤਕ ਨਾ ਕਰਨ ਲਈ ਕਿਹਾ ਸੀ। ਜਿਵੇਂ ਹੀ ਡਾਟਾ ਚੋਰੀ ਦਾ ਪਤਾ ਲੱਗਾ, ਉਬਰ ਦੇ ਕੋ-ਫ਼ਾਊਂਡਰ ਰਹੇ ਅਤੇ ਬਾਅਦ 'ਚ ਕੱਢੇ ਗਏ ਚੀਫ਼ ਟ੍ਰੈਵਿਸ ਕੈਲਾਨਿਕ ਨੂੰ ਇਸ ਬਾਰੇ ਦਸਿਆ ਗਿਆ ਸੀ। (ਪੀਟੀਆਈ)