
ਐਸ.ਏ.ਐਸ. ਨਗਰ: ਸਪੈਸ਼ਲ ਟਾਸਕ ਫ਼ੋਰਸ (ਐਸਟੀਐਫ਼) ਮੋਹਾਲੀ ਵਲੋਂ ਸੋਨੀਪਤ ਆਈਆਰਪੀ ਵਿੱਚ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ ਨੂੰ 6 ਕਰੋੜ ਰੁਪਏ ਦੀ ਆਈਸ ਡਰੱਗ ਨਾਲ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਦੋ ਸਾਥੀਆਂ ਅਜੈ ਕੁਮਾਰ 'ਤੇ ਕਰਮਜੀਤ ਸਿੰਘ ਨਾਲ ਇਸ ਦੀ ਸਪਲਾਈ ਦੇਣ ਲਈ ਹਰਿਆਣੇ ਤੋਂ ਪੰਜਾਬ ਆ ਰਿਹਾ ਸੀ।
ਹਰਿਆਣਾ ਪੁਲਿਸ 'ਚ ਤਾਇਨਾਤ ਸਬ ਇੰਸਪੈਕਟਰ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਸੀ। ਤਿੰਨੇ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਛੇ ਐਸ.ਟੀ.ਐਫ ਮੋਹਾਲੀ ਪੁਲਿਸ ਨੇ ਪਟਿਆਲਾ-ਡਕਾਲਾ ਰੋਡ 'ਤੇ ਨਾਕਾਬੰਦੀ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਡੀ.ਐਸ.ਪੀ ਐਸਟੀਐਫ਼ ਪਟਿਆਲਾ ਹਰਵੰਤ ਕੌਰ ਦੀ ਮੌਜੂਦਗੀ ਵਿਚ ਤਲਾਸ਼ੀ ਲਈ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ। ਐਤਵਾਰ ਨੂੰ ਤਿੰਨੇ ਮੁਲਜ਼ਮਾਂ ਨੂੰ ਐਸਟੀਐਫ ਪੁਲਿਸ ਨੇ ਮੋਹਾਲੀ ਕੋਰਟ 'ਚ ਡਿਉਟੀ ਮੈਜੀਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਿੱਥੇ ਤਿੰਨੇ ਮੁਲਜਮਾਂ ਨੂੰ ਤਿੰਨ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ ਮੋਹਾਲੀ ਦੇ ਸਬ ਇੰਸਪੈਕਟਰ ਰਾਮ ਦਰਸ਼ਨ ਦੇ ਦੱਸਿਆ ਕਿ ਨਾਕੇ ਬੰਦੀ ਦੌਰਾਨ ਨਵੀਂ ਟੈਂਪਰੇਰੀ ਨੰਬਰ ਆਈ -20 ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਮੈਟ ਹੇਠਾਂ ਇਕ ਕਿਲੋ ਆਈਸ ਡਰੱਗ ਦਾ ਪੈਕੇਟ ਬ੍ਰਾਮਦ ਹੋਇਆ। ਜਿਨ੍ਹਾਂ ਨੂੰ ਤੁਰੰਤ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਤਿੰਨੇ ਮੁਲਜਮ ਅੱਜ ਪੰਜਾਬ ਵਿੱਚ ਇਸ ਦੀ ਸਪਲਾਈ ਦੇਣ ਲਈ ਆਏ ਸਨ ਜੋਕਿ ਐਸ.ਟੀ.ਐਫ ਦੇ ਅੜਿਕੇ ਚੜ੍ਹ ਗਏ।