
ਕੋਟਕਪੂਰਾ: 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੇ ਸਮੂਹ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਕਿ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਭਾਰਤੀ ਸਰਕਾਰ ਵਲੋਂ ਸਿਆਸੀ ਕਤਲ ਕੀਤਾ ਜਾ ਰਿਹਾ ਹੈ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ।
ਕੋਆਰਡੀਨੇਸ਼ਨ ਕਮੇਟੀ ਨੇ ਅੱਜ ਹੰਗਾਮੀ ਮੀਟਿੰਗ ਕਰ ਕੇ ਪੂਰੇ ਵਿਸ਼ਵ 'ਚ ਹਵਾਰਾ ਦੇ ਪੱਖ 'ਚ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕਰਦਿਆਂ ਸਿੱਖਜ਼ ਫ਼ਾਰ ਜਸਟਿਸ ਵਲੋਂ ਯੂਨਾਈਡਿ ਨੇਸ਼ਨ 'ਚ ਮੁਕੱਦਮਾ ਦਰਜ ਕਰਾਉਣ ਦੇ ਕੀਤੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਸਿੱਖਜ਼ ਫ਼ਾਰ ਜਸਟਿਸ ਨੂੰ ਹਰ ਤਰ੍ਹਾਂ ਨਾਲ ਮਦਦ ਦੇਣ ਦਾ ਐਲਾਨ ਕੀਤਾ। ਕਮੇਟੀ ਨੇ ਇਸ ਗੱਲ 'ਤੇ ਭਾਰਤੀ ਸਰਕਾਰ ਦੀ ਆਲੋਚਨਾ ਕੀਤੀ ਕਿ ਕੋਈ ਵੀ ਕਾਨੂੰਨ ਜੇਲ 'ਚ ਕਿਸੇ ਵੀ ਕੈਦੀ ਨਾਲ ਅਣਮਨੁੱਖੀ ਤਸ਼ੱਦਦ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਜਿਵੇਂ ਕਿ ਹਵਾਰਾ ਨੇ ਅਪਣੇ ਖ਼ਤ 'ਚ ਲਿਖਿਆ ਕਿ ਉਨ੍ਹਾਂ ਨੂੰ ਖਾਣ ਪੀਣ, ਨੀਂਦ ਅਤੇ ਲੌੜੀਂਦੇ ਇਲਾਜ ਤੋਂ ਵਾਂਝਿਆਂ ਰਖਿਆ ਜਾ ਰਿਹਾ ਹੈ, ਸਰਕਾਰੀ ਬੰਦੇ ਘੰਟਿਆਂਬੱਧੀ ਖੜੇ ਰਹਿਣ ਲਈ ਮਜਬੂਰ ਕਰਦੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਗੋਡਿਆਂ ਅਤੇ ਰੀੜ੍ਹ ਦੀ ਹੱਡੀ 'ਤੇ ਪਿਆ ਹੈ।
ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂਆਂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਅੱਜ ਵੱਖ-ਵੱਖ ਦੇਸ਼ਾਂ 'ਚ ਬੈਠੇ ਸਿੱਖ ਆਗੂਆਂ ਨਾਲ ਆਡੀਉ ਕਾਲ ਕਾਨਫ਼ਰੰਸਿੰਗ ਰਾਹੀਂ ਜਿਥੇ ਭਾਰਤੀ ਸਰਕਾਰ ਦੀ ਘੱਟ ਗਿਣਤੀਆਂ ਪ੍ਰਤੀ ਘਿਣਾਉਣੀ ਹਰਕਤ ਦੀ ਨਿਖੇਧੀ ਕੀਤੀ ਗਈ, ਉਥੇ ਹੀ ਹਵਾਰਾ ਨੂੰ ਪੰਜਾਬ ਦੀ ਕਿਸੇ ਵੀ ਜੇਲ ਵਿਚ ਤਬਦੀਲ ਕਰਨ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਹਵਾਰਾ ਹੁਣ ਸਿੱਖ ਕੌਮ ਲਈ ਇਕ ਹਸਤਾਖ਼ਰ ਹੈ ਜਿਸ ਦੇ ਪੱਖ 'ਚ ਉਹ ਕੁੱਝ ਵੀ ਕਰਨ ਲਈ ਤਿਆਰ ਹੋਣਗੇ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਸਾਡੇ ਸਿੱਖਾਂ ਦੇ ਅਹਿਮ ਤਿਉਹਾਰ ਦੇ ਨਾਂਅ 'ਤੇ ਛੁੱਟੀਆਂ ਬੰਦ ਕਰ ਰਹੇ ਹਨ, ਦੂਜੇ ਪਾਸੇ ਬਾਦਲ ਖੇਮਾ ਘੱਟ-ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ, ਤੀਜੇ ਪਾਸੇ ਭਾਰਤ ਸਰਕਾਰ ਘੱਟ-ਗਿਣਤੀਆਂ ਦੇ ਰਹਿਬਰਾਂ ਤੋਂ ਲੈ ਕੇ ਹੀਰੋਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਇਹ ਹੁਣ ਵਿਸ਼ਵ 'ਚ ਬੈਠਾ ਸਿੱਖ ਬਰਦਾਸ਼ਤ ਨਹੀਂ ਕਰੇਗਾ ਅਤੇ ਆਉਂਦੇ ਦਿਨਾਂ 'ਚ ਇਸ ਵਿਰੁਧ ਕੋਈ ਵੱਡਾ ਐਲਾਨ ਕੀਤਾ ਜਾਵੇਗਾ।