
ਉੱਤਰਾਖੰਡ: ਪੂਰੇ ਮੁਲਕ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਵੱਲੋਂ ਈਦ-ਉਲ-ਜ਼ੁਹਾ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਲੋਕ ਇਕ-ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਈਦ ਦੀ ਵਧਾਈ ਦਿੰਦੇ ਰਹੇ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਏਕਤਾ ਦੀ ਮਿਸਾਲ ਕਾਇਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਮੁਸਲਿਮ ਸਮਾਜ ਦੇ ਲੋਕ ਗੁਰਦੁਆਰਾ ਸਾਹਿਬ ਦੇ ਅੰਦਰ ਹਾਲ ਕਮਰੇ ‘ਚ ਨਮਾਜ਼ ਪੜ੍ਹਦੇ ਨਜ਼ਰ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਉੱਤਰਾਖੰਡ ਦੇ ਚਮੋਲੀ ਦੇ ਜੋਸ਼ੀਮਠ ਦਾ ਹੈ। ਇੱਥੇ ਭਾਰੀ ਮੀਂਹ ਦੇ ਕਾਰਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ‘ਚ ਨਮਾਜ਼ ਪੜ੍ਹੀ। ਅਸਲ ‘ਚ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ‘ਚ ਮੀਂਹ ਪੈ ਰਿਹਾ ਸੀ, ਜਿਸ ਕਾਰਨ ਈਦ ਮੌਕੇ ਖੁੱਲ੍ਹੇ ਮੈੈਦਾਨ ‘ਚ ਨਮਾਜ਼ ਪੜ੍ਹਨਾ ਮੁਸ਼ਕਿਲ ਹੋ ਗਿਆ ਸੀ।
ਮੀਂਹ ਨੂੰ ਦੇਖਦੇ ਹੋਏ ਜੋਸ਼ੀਮਠ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਦੇ ਹਾਲ ਕਮਰੇ ‘ਚ ਨਮਾਜ਼ ਪੜ੍ਹਨ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਗੁਰਦੁਆਰੇ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ-ਉਲ-ਜ਼ੁਹਾ ਦੀ ਨਮਾਜ਼ ਪੜ੍ਹੀ। ਨਮਾਜ਼ ਦੇ ਬਾਅਦ ਹੋਰ ਧਰਮਾਂ ਦੇ ਲੋਕਾਂ ਨੇ ਵੀ ਈਦ ਦੀਆਂ ਮੁਬਾਰਕਾਂ ਇਕ ਦੂਜੇ ਨੂੰ ਗਲੇ ਲਗਾ ਕੇ ਦਿੱਤੀਆਂ।