
ਨਵੀਂ ਦਿੱਲੀ, 3 ਸਤੰਬਰ : ਸ਼ਿਵ ਪ੍ਰਤਾਪ
ਸ਼ੁਕਲਾ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ ਤੇ 8 ਸਾਲ ਯੂਪੀ ਸਰਕਾਰ 'ਚ ਮੰਤਰੀ ਰਹੇ
ਹਨ। ਅਸ਼ਵਨੀ ਚੌਬੇ ਬਿਹਾਰ ਦੇ ਬਕਸਰ ਤੋਂ ਲੋਕ ਸਭਾ ਮੈਂਬਰ ਹਨ। ਬਿਹਾਰ ਵਿਚ 8 ਸਾਲ ਤਕ
ਮੰਤਰੀ ਰਹੇ ਹਨ। ਯੋਗਾ ਵਿਚ ਕਾਫ਼ੀ ਦਿਲਚਸਪੀ ਰਖਦੇ ਹਨ।
ਵੀਰੇਂਦਰ ਕੁਮਾਰ ਮੱਧ
ਪ੍ਰਦੇਸ਼ ਦੇ ਤਿਕਮਗੜ੍ਹ ਤੋਂ ਲੋਕ ਸਭਾ ਮੈਂਬਰ ਹਨ। ਐਮਏ ਅਤੇ ਬਾਲ ਮਜ਼ਦੂਰੀ 'ਚ ਪੀਐਚਡੀ
ਹਨ। ਅਨੰਤ ਕੁਮਾਰ ਹੇਗੜੇ ਕਰਨਾਟਕ ਤੋਂ ਲੋਕ ਸਭਾ ਮੈਂਬਰ ਹਨ। ਪਹਿਲੀ ਵਾਰ 28 ਸਾਲ ਦੀ
ਉਮਰ ਵਿਚ ਲੋਕ ਸਭਾ ਮੈਂਬਰ ਬਣੇ। ਰਾਜ ਕੁਮਾਰ ਸਿੰਘ ਬਿਹਾਰ ਦੇ ਅਰਾਹ ਤੋਂ ਲੋਕ ਸਭਾ
ਮੈਂਬਰ ਹਨ ਅਤੇ 1975 ਬੈਚ ਦੇ ਸਾਬਕਾ ਆਈਏਐਸ ਅਧਿਕਾਰੀ ਹਨ। ਦੇਸ਼ ਦੇ ਗ੍ਰਹਿ ਸਕੱਤਰ ਰਹੇ
ਹਨ। ਹਰਦੀਪ ਸਿੰਘ ਪੁਰੀ 1974 ਬੈਚ ਦੇ ਸਾਬਕਾ ਆਈਐਫ਼ਐਸ ਅਧਿਕਾਰੀ ਹਨ ਅਤੇ ਵਿਦੇਸ਼ ਨੀਤੀ
ਤੇ ਕੌਮੀ ਸੁਰੱਖਿਆ ਦੇ ਚੰਗੇ ਮਾਹਰ ਮੰਨੇ ਜਾਂਦੇ ਹਨ। ਜੇਪੀ ਲਹਿਰ ਦੌਰਾਨ ਸਰਗਰਮ ਰਹੇ ਹਨ
ਅਤੇ ਅਫ਼ਸਰ ਬਣਨ ਤੋਂ ਪਹਿਲਾਂ ਸੇਂਟ ਸਟੀਫ਼ਨ ਕਾਲਜ ਵਿਚ ਪੜ੍ਹਾਉਂਦੇ ਸਨ। ਗਜੇਂਦਰ ਸਿੰਘ
ਸ਼ੇਖ਼ਾਵਤ ਜੋਧਪੁਰ ਤੋਂ ਲੋਕ ਸਭਾ ਮੈਂਬਰ ਹਨ ਅਤੇ ਖੇਡਾਂ ਦੇ ਸ਼ੌਕੀਨ ਹਨ। ਐਮਏ ਅਤੇ ਐਮਫ਼ਿਲ
ਹਨ। ਸਤਿਆਪਾਲ ਸਿੰਘ ਯੂਪੀ ਦੇ ਬਾਘਪਤ ਤੋਂ ਲੋਕ ਸਭਾ ਸੰਸਦ ਮੈਂਬਰ ਹਨ।
1980 ਬੈਚ
ਦੇ ਸਾਬਕਾ ਆਈਪੀਐਸ ਅਧਿਕਾਰੀ ਹਨ। ਨਕਸਲੀ ਇਲਾਕਿਆਂ ਵਿਚ ਸ਼ਾਨਦਾਰ ਕੰਮ ਕਰਨ ਲਈ ਪੁਰਸਕਾਰ
ਵੀ ਮਿਲਿਆ ਹੈ। ਮੁੰਬਈ, ਪੁਣੇ ਅਤੇ ਨਾਗਪੁਰ ਦੇ ਪੁਲਿਸ ਕਮਿਸ਼ਨਰ ਰਹੇ ਹਨ। ਅਲਫ਼ੌਂਸ ਕਨਥਨਮ
ਕੇਰਲਾ ਕੇਡਰ ਦੇ 1979 ਦੇ ਬੈਚ ਦੇ ਸਾਬਕਾ ਆਈਏਐਸ ਅਧਿਕਾਰੀ ਹਨ। ਵਕੀਲ ਵੀ ਹਨ। ਦਿੱਲੀ
ਡਿਪੈਲਪਮੈਂਟ ਅਥਾਰਟੀ ਦੇ ਕਮਿਸ਼ਨਰ ਹੋਣ ਸਮੇਂ ਦਿੱਲੀ ਦੇ 'ਡਿਮਾਲਿਸ਼ਨ ਮੈਨ' ਵਜੋਂ ਜਾਣੇ
ਜਾਂਦੇ ਸਨ ਕਿਉਂਕਿ ਉਨ੍ਹਾਂ ਨੇ ਸਰਕਾਰੀ ਜ਼ਮੀਨਾਂ 'ਤੇ ਕਈ ਕਬਜ਼ੇ ਹਟਵਾਏ ਸਨ। (ਏਜੰਸੀ)