
ਨਵੀਂ ਦਿੱਲੀ, 16 ਸਤੰਬਰ : ਜੰਗੀ ਨਾਇਕ
ਮਾਰਸ਼ਲ ਅਰਜਨ ਸਿੰਘ (98) ਜਿਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ
ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ, ਦਾ ਅੱਜ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਵੇਰ
ਸਮੇਂ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਫ਼ੌਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ
ਗਿਆ। ਉਨ੍ਹਾਂ ਕਰੀਬ 7.30 ਵਜੇ ਆਖ਼ਰੀ ਸਾਹ ਲਿਆ।
ਉਹ ਹਵਾਈ ਫ਼ੌਜ ਦੇ ਇਕੋ ਇਕ
ਅਧਿਕਾਰੀ ਸਨ ਜਿਨ੍ਹਾਂ ਨੂੰ ਪੰਜ-ਸਿਤਾਰਾ ਰੈਂਕ 'ਤੇ ਪ੍ਰਮੋਟ ਕੀਤਾ ਗਿਆ ਸੀ। ਇਹ ਅਹੁਦਾ
ਫ਼ੌਜ ਦੇ ਫ਼ੀਲਡ ਮਾਰਸ਼ਲ ਦੇ ਬਰਾਬਰ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ
ਮੰਤਰੀ ਨਿਰਮਲਾ ਸੀਤਾਰਮਣ ਅਤੇ ਤਿੰਨੋਂ ਫ਼ੌਜਾਂ ਦੇ ਮੁਖੀ ਬਿਪਨ ਰਾਵਤ, ਐਡਮਿਰਲ ਸੁਨੀਲ
ਲਾਂਬਾ ਅਤੇ ਹਵਾਈ ਫ਼ੌਜ ਮੁਖੀ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਨੇ ਦਿਨ ਵੇਲੇ ਹਸਪਤਾਲ ਜਾ ਕੇ
ਅਰਜਨ ਸਿੰਘ ਦਾ ਹਾਲ ਜਾਣਿਆ। ਲੜਾਕੂ ਜਹਾਜ਼ ਚਾਲਕ ਅਰਜਨ ਸਿੰਘ ਨੇ 44 ਸਾਲ ਦੀ ਉਮਰ ਵਿਚ
ਬਹੁਤ ਹੀ ਦਲੇਰੀ, ਹੌਸਲੇ ਅਤੇ ਪੇਸ਼ੇਵਾਰਾਨਾ ਮੁਹਾਰਤ ਨਾਲ ਭਾਰਤ-ਪਾਕਿਸਤਾਨ ਜੰਗ ਸਮੇਂ
ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ। 15 ਅਪ੍ਰੈਲ 1919 ਨੂੰ ਲਾਇਲਪੁਰ (ਹੁਣ ਫ਼ੈਸਲਾਬਾਦ) ਵਿਚ
ਜਨਮੇ ਅਰਜਨ ਸਿੰਘ ਦੇ ਪੜਦਾਦਾ, ਦਾਦਾ ਅਤੇ ਪਿਤਾ ਵੀ ਫ਼ੌਜ ਵਿਚ ਸੇਵਾਵਾਂ ਨਿਭਾਉਂਦੇ
ਰਹੇ।
ਹਵਾਈ ਫ਼ੌਜ ਤੋਂ ਸੇਵਾਮੁਕਤੀ ਮਗਰੋਂ ਉਨ੍ਹਾਂ ਨੂੰ 1971 ਵਿਚ ਸਵਿਟਜ਼ਰਲੈਂਡ ਵਿਚ
ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਉਹ 1974 ਵਿਚ ਕੀਨੀਆ ਲਈ ਵੀ ਭਾਰਤ ਦੇ ਹਾਈ
ਕਮਿਸ਼ਨਰ ਰਹੇ। ਉਹ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵੀ ਰਹੇ।
ਉਨ੍ਹਾਂ ਨੂੰ 2002 ਵਿਚ ਹਵਾਈ ਫ਼ੌਜ ਦਾ ਮਾਰਸ਼ਲ ਬਣਾਇਆ ਗਿਆ ਸੀ।
ਮਾਰਸ਼ਲ
ਅਰਜਨ ਸਿੰਘ ਮਹਿਜ਼ 44 ਸਾਲ ਦੀ ਉਮਰ ਵਿਚ ਏਅਰਫ਼ੋਰਸ ਮੁਖੀ ਬਣੇ ਸਨ। 1965 ਦੀ ਜੰਗ ਵਿਚ
ਉੱਤਰੀ ਏਅਰਫ਼ੋਰਸ ਦੀ ਕਮਾਨ ਉਨ੍ਹਾਂ ਦੇ ਹੀ ਹੱਥਾਂ ਵਿਚ ਸੀ। ਭਾਰਤ ਦੀਆਂ ਤਿੰਨੇ ਫ਼ੌਜਾਂ
ਵਿਚ ਪੰਜ ਸਟਾਰ ਰੈਂਕ ਹਾਸਲ ਕਰਨ ਦਾ ਮਾਣ ਹੁਣ ਤਕ ਤਿੰਨ ਅਫ਼ਸਰਾਂ ਨੂੰ ਮਿਲਿਆ ਹੈ। ਅਰਜਨ
ਸਿੰਘ ਉਨ੍ਹਾਂ ਵਿਚੋਂ ਇਕ ਸਨ। ਦੇਸ਼ ਵਿਚ ਹੁਣ ਤਕ ਏਅਰ ਮਾਰਸ਼ਲ ਅਰਜਨ ਸਿੰਘ, ਫ਼ੀਲਡ ਮਾਰਸ਼ਲ
ਮਾਨਿਕ ਸ਼ਾਹ ਅਤੇ ਕੇ ਐਮ ਕਰਿੱਪਾ ਨੂੰ ਹੀ ਪੰਜ ਸਟਾਰ ਰੈਂਕ ਮਿਲਿਆ ਹੈ। (ਪੀਟੀਆਈ)