
ਨਵੀਂ ਦਿੱਲੀ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਜਿੱਤ ਤੋਂ ਉਤਸ਼ਾਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਜਿੱਥੇ ਉਤਸ਼ਾਹ ਦੇ ਰੰਗ ਵਿਚ ਰੰਗੀ ਹੋਈ ਦਿਖਾਈ ਦੇ ਰਹੀ ਹੈ ਅਤੇ ਦੇਸ਼ ਭਰ ਵਿਚ ਵਰਕਰਾਂ ਵਿਚ ਜਸ਼ਨ ਦਾ ਦੌਰ ਚੱਲ ਰਿਹਾ ਹੈ, ਉਥੇ ਹੀ ਇਸ ਦੌਰਾਨ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਦੇ ਲਈ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਪਹੁੰਚੇ।
ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਅਤੇ ਹਿਮਾਚਲ ਦੀ ਜਨਤਾ ਦਾ ਭਾਜਪਾ ਦੀ ਸਰਕਾਰ ਚੁਣਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੀ ਜਨਤਾ ਨੇ ਭਾਜਪਾ ਵਿਚ ਆਪਣਾ ਵਿਸ਼ਵਾਸ ਜਤਾਉਂਦਿਆਂ ਵਿਕਾਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਨੇ ਜਿਸ ਨੇ ਥੋੜ੍ਹੇ ਸਮੇਂ ਦੇ ਵਿਚ ਹੀ ਦੇਸ਼ ਭਰ ਵਿਚ ਬੇਮਿਸਾਲ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਵਿਕਾਸ ਦੇ ਮਾਰਗ ਨੂੰ ਚੁਣਿਆ, ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਗੁਜਰਾਤ ਤੋਂ ਦਿੱਲੀ ਅਉਣ ਤੋਂ ਬਾਅਦ ਵੀ ਜਨਤਾ ਨੇ ਭਾਜਪਾ ਦੀ ਸਰਕਾਰ ਚੁਣੀ। ਇਸ ਦੀ ਵਜ੍ਹਾ ਨਾਲ ਮੈਂ ਕਾਫ਼ੀ ਖ਼ੁਸ਼ ਹਾਂ। ਮੋਦੀ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਨੇ ਜਾਤੀਵਾਦ ਨੂੰ ਨਕਾਰਿਆ ਅਤੇ ਜੀਐੱਸਟੀ ਲਾਗੂ ਹੋਣ ਦੇ ਬਾਵਜੂਦ ਲੋਕਾਂ ਨੇ ਭਾਜਪਾ ਦੀ ਸਰਕਾਰ ਚੁਣੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਲੋਕ ਹੁਣ ਰਿਫਾਰਮ ਚਾਹੁੰਦੇ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਨਤੀਜਿਆਂ ਤੋਂ ਇਹ ਸਿੱਧ ਹੋਇਆ ਹੈ ਕਿ ਦੇਸ਼ ਰਿਫਾਰਮ ਲਈ ਤਿਆਰ ਹੈ। ਜਨਤਾ ਨੇ ਵਿਕਾਸ ਦੇ ਰਸਤੇ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿਹਾ ਅਜਿਹਾ ਆਂਕਲਣ ਕੀਤਾ ਗਿਆ ਕਿ ਜੀਐੱਸਟੀ ਨਾਲ ਭਾਜਪਾ ਖ਼ਤਮ ਹੋ ਜਾਵੇਗੀ ਪਰ ਇਹ ਅਨੁਮਾਨ ਗ਼ਲਤ ਸਾਬਤ ਹੋਇਆ। ਮੋਦੀ ਨੇ ਅੱਗੇ ਕਿਹਾ ਕਿ ਮਿਡਲ ਕਲਾਸ ਦੀਆਂ ਉਮੀਦਾਂ ਕਾਫ਼ੀ ਵਧੀਆਂ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗ਼ਲਤ ਕੰਮ ਕੀਤਾ ਤਾਂ ਜਨਤਾ ਉਸ ਨੂੰ ਸਵੀਕਾਰ ਨਹੀਂ ਕਰੇਗੀ। ਭਾਜਪਾ ਦੀ ਜਿੱਤ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਹਿਮਾਚਲ ਵਿਚ ਕਾਂਗਰਸ ਦੀ ਹਾਰ ਨੂੰ ਲੈ ਕੇ ਵੀਰਭੱਦਰ ਸਿੰਘ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਿਕਾਸ ਨਾਲ ਹੀ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲਗਾਤਾਰ ਇੰਨੀਆਂ ਜਿੱਤਾਂ ਵਿਕਾਸ ਦੇ ਮੁੱਦੇ ‘ਤੇ ਹੀ ਮਿਲੀਆਂ ਹਨ। ਪਿਛਲੀ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਨੇ ਗੁਜਰਾਤ ਦੀ ਜਿੱਤ ਨੂੰ ਆਪਣੇ ਲਈ ਵੱਡੀ ਖ਼ੁਸ਼ੀ ਦੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਮੇਰੇ ਗੁਜਰਾਤ ਵਿਚ ਮੇਰੇ ਜਾਣ ਤੋਂ ਬਾਅਦ ਵੀ ਵਿਕਾਸ ਵਿਚ ਕਮੀ ਨਹੀਂ ਆਈ।
ਮੋਦੀ ਨੇ ਕਿਹਾ ਕਿ ਗੁਜਰਾਤ ਵਿਚ ਮੇਰੇ ਲਈ ਡਬਲ ਖ਼ੁਸ਼ੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ‘ਤੇ ਚਾਰੇ ਪਾਸੇ ਤੋਂ ਹਮਲੇ ਹੋ ਰਹੇ ਸਨ ਪਰ ਦੇਸ਼ ਦੀ ਜਨਤਾ ਨੇ ਭਾਜਪਾ ਨੂੰ ਜਿਤਾ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਗੁਜਰਾਤ ਦੀ ਸਰਕਾਰ ਨੂੰ ਗਿਰਾਉਣ ਲਈ ਬਹੁਤ ਸਾਰੀਆਂ ਸਾਜਿਸ਼ਾਂ ਰਚੀਆਂ, ਚਲਾਕੀਆਂ ਕੀਤੀਆਂ ਪਰ ਉਨ੍ਹਾਂ ਦੀ ਇੱਕ ਵੀ ਨਹੀਂ ਚੱਲ ਸਕੀ।
ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ 2014 ਦੇ ਮਈ ਤੋਂ ਬਾਅਦ ਦੇਸ਼ ਵਿਚ ਵਿਕਾਸ ਦਾ ਮਾਹੌਲ ਬਣਿਆ ਹੈ। ਦੇਸ਼ ਵਿਚ ਵਿਕਾਸ ਦੀ ਭੁੱਖ ਜਾਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਸੰਦ ਹੋਵੇ ਜਾਂ ਨਾ ਪਰ ਵਿਕਾਸ ਨੂੰ ਅਣਦੇਖਿਆ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਰਸਤੇ ਤੋਂ ਹਟਾਉਣ ਦੀ ਹਰਕਤ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਸਰਕਾਰ ਵਿਚ ਵੱਡੇ ਫ਼ੈਸਲੇ ਲੈਣ ਦੀ ਤਾਕਤ ਹੈ।
ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਨ ਦੇ ਲਈ ਸਭ ਤੋਂ ਪਹਿਲਾਂ ਆਏ ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਮੋਦੀ ਦੀ ਵਿਜੈ ਯਾਤਰਾ ਦੋ ਕਦਮ ਹੋਰ ਅੱਗੇ ਵੱਧ ਗਈ ਹੈ। ਅਮਿਤ ਸ਼ਾਹ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਦੇਸ਼ ਦੇ ਸਿਰਫ਼ ਛੇ ਸੂਬਿਆਂ ਵਿਚ ਸਰਕਾਰ ਸੀ ਪਰ ਅੱਜ ਇਹ ਫ਼ੈਲ ਕੇ 19 ਰਾਜਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਕਰਨਾਟਕ ਵਿਚ ਵੀ ਅਸੀਂ ਭਾਜਪਾ ਦੀ ਸਰਕਾਰ ਬਣਾਵਾਂਗੇ।