
ਨਵੀਂ ਦਿੱਲੀ, 1 ਮਾਰਚ : ਸਥਾਨਕ ਅਦਾਲਤ ਨੇ ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਕਾਰਤੀ ਚਿਦੰਬਰਮ ਨੂੰ ਪੰਜ ਦਿਨ ਲਈ ਸੀਬੀਆਈ ਦੀ ਹਿਰਾਸਤ ਵਿਚ ਭੇਜ ਦਿਤਾ। ਵਿਸ਼ੇਸ਼ ਜੱਜ ਸੁਨੀਲ ਰਾਣਾ ਨੇ ਕਾਰਤੀ ਦੀ ਹਿਰਾਸਤ ਨੂੰ 6 ਮਾਰਚ ਤਕ ਵਧਾ ਦਿਤਾ। ਇਸ ਤੋਂ ਪਹਿਲਾਂ ਸੀਬੀਆਈ ਨੇ ਅਦਾਲਤ ਵਿਚ ਕਿਹਾ ਕਿ ਕਾਰਤੀ ਨੇ ਵਿਦੇਸ਼ ਜਾ ਕੇ ਜੋ ਕੁੱਝ ਕੀਤਾ, ਉਸ ਬਾਰੇ ਹੈਰਾਨੀਜਨਕ ਸਬੂਤ ਹਨ। ਸੀਬੀਆਈ ਮੁਤਾਬਕ ਜਦ ਉਹ ਵਿਦੇਸ਼ ਵਿਚ ਸੀ ਤਾਂ ਉਸ ਨੇ ਉਨ੍ਹਾਂ ਬੈਂਕ ਖਾਤਿਆਂ ਨੂੰ ਬੰਦ ਕਰਵਾਇਆ ਜਿਨ੍ਹਾਂ ਵਿਚ ਉਸ ਨੂੰ ਪੈਸਾ ਮਿਲਿਆ ਸੀ।'
ਕਾਰਤੀ ਨੂੰ ਇਕ ਦਿਨ ਦੀ ਸੀਬੀਆਈ ਹਿਰਾਸਤ ਮਗਰੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਦੇ ਪਿਤਾ ਪੀ ਚਿਦੰਬਰਮ ਅਤੇ ਮਾਤਾ ਨਲਿਨੀ ਚਿਦੰਬਰਮ ਵੀ ਅਦਾਲਤ ਵਿਚ ਮੌਜੂਦ ਸਨ। ਇਹ ਦੋਵੇਂ ਹੀ ਸੀਨੀਅਰ ਵਕੀਲ ਹਨ ਅਤੇ ਦੋਵੇਂ ਜਣੇ ਕਾਰਤੀ ਨਾਲ ਗੱਲਬਾਤ ਕਰਦੇ ਹੋਏ ਦਿਸੇ।
ਅਦਾਲਤ ਵਿਚ ਸੀਬੀਆਈ ਵਲੋਂ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਰਾਜਨੀਤਕ ਬਦਲੇ ਦਾ ਮਾਮਲਾ ਨਹੀਂ ਹੈ। ਇਸ ਵਿਚ ਸੰਵਿਧਾਨ ਦੀ ਧਾਰਾ 21 ਤਹਿਤ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਤੀ ਦੇ ਵਕੀਲ ਉਸ ਨੂੰ ਹਰ ਰੋਜ਼ ਹਿਰਾਸਤ ਵਿਚ ਮਿਲ ਸਕਣਗੇ ਜਦਕਿ ਉਹ ਘਰ ਦਾ ਖਾਣਾ ਨਹੀਂ ਖਾ ਸਕੇਗਾ। ਕਾਰਤੀ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਏਜੰਸੀ ਕੋਲ ਪੁੱਛਣ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਉਸ ਨੂੰ ਸੀਬੀਆਈ ਹਿਰਾਸਤ ਵਿਚ ਭੇਜੇ ਜਾਣ ਦਾ ਵਿਰੋਧ ਕੀਤਾ। ਸਿੰਘਵੀ ਨੇ ਕਿਹਾ ਕਿ ਕਾਰਤੀ ਵਿਰੁਧ ਕੋਈ ਸਬੂਤ ਨਹੀਂ ਹੈ। ਅਦਾਲਤ ਦੇ ਹੁਕਮਾਂ ਦੀ ਲਗਾਤਾਰ ਪਾਲਣਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਕਾਰਤੀ ਕੋਲੋਂ ਤਿੰਨ ਮੋਬਾਈਲ ਫ਼ੋਨ ਮਿਲੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਹੈ। (ਏਜੰਸੀ)