
ਨਵੀਂ ਦਿੱਲੀ, 15 ਮਾਰਚ : ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਅਤੇ ਪੀਐਨਬੀ ਧੋਖਾਧੜੀ ਮਾਮਲੇ ਸਮੇਤ ਕਈ ਮੁੱਦਿਆਂ 'ਤੇ ਲੋਕ ਸਭਾ ਵਿਚ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮੇ ਕਾਰਨ ਅੱਜ ਲਗਾਤਾਰ ਨੌਵੇਂ ਦਿਨ ਵੀ ਸਦਨ ਦੀ ਕਾਰਵਾਈ ਪ੍ਰਭਾਵਤ ਰਹੀ ਅਤੇ ਸਪੀਕਰ ਦੇ ਹੰਗਾਮੇ ਵਿਚ ਹੀ ਦੋ ਅਹਿਮ ਬਿਲਾਂ ਨੂੰ ਪਾਸ ਕਰਾਉਣ ਮਗਰੋਂ ਬੈਠਕ ਨੂੰ ਦਿਨ ਭਰ ਲਈ ਰੋਕ ਦਿਤਾ ਗਿਆ। ਹੰਗਾਮੇ ਵਿਚ ਹੀ ਬਿਲ ਪਾਸ ਹੋਣ ਮਗਰੋਂ ਕੁੱਝ ਮੈਂਬਰਾਂ ਨੇ ਵਿਰੋਧ ਵਜੋਂ ਕਾਗ਼ਜ਼ ਫਾੜ ਕੇ ਸੁੱਟ ਦਿਤੇ। ਇਕ ਵਾਰ ਕਾਰਵਾਈ ਮੁਲਤਵੀ ਕਰਨ ਮਗਰੋਂ ਸਦਨ ਦੀ ਬੈਠਕ ਫਿਰ ਸ਼ੁਰੂ ਹੋ ਗਈ ਤੇ ਕਾਂਗਰਸ, ਤ੍ਰਿਣਮੂਲ ਕਾਂਗਰਸ, ਤੇਲਗੂ ਦੇਸਮ ਪਾਰਟੀ, ਵਾਈਐਸਆਰ ਕਾਂਗਰਸ, ਅੰਨਾਡੀਐਮਕੇ ਅਤੇ ਟੀਆਰਐਸ ਦੇ ਮੈਂਬਰ ਆਪੋ-ਅਪਣੇ ਮੁੱਦਿਆਂ 'ਤੇ ਨਾਹਰੇਬਾਜ਼ੀ ਕਰਦਿਆਂ ਕੁਰਸੀ ਕੋਲ ਆ ਗਏ। ਹੰਗਾਮੇ ਵਿਚ ਹੀ ਸਪੀਕਰ ਨੇ ਜ਼ਰੂਰੀ ਕਾਗ਼ਜ਼ ਪੇਸ਼ ਕਰਾਏ। ਤੇਲਗੂ ਦੇਸਮ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਮੰਤਰੀ ਪਰਿਸ਼ਦ ਤੋਂ ਅਪਣੇ ਅਸਤੀਫ਼ੇ ਦੇ ਸਬੰਧ ਵਿਚ ਭਾਸ਼ਨ ਦਿਤਾ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਸਾਰੇ ਮੈਂਬਰ ਕੁੱਝ ਦੇਰ ਲਈ ਸ਼ਾਂਤ ਹੋ ਗਏ। ਬਾਅਦ ਵਿਚ ਹੰਗਾਮਾ ਹੋਰ ਤੇਜ਼ ਹੋ ਗਿਆ ਅਤੇ ਸਪੀਕਰ ਨੇ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੂੰ ਕਰਮਚਾਰੀਆਂ ਨੂੰ ਗਰੈਚੁਟੀ ਦੇਣ ਨਾਲ ਸਬੰਧਤ 'ਉਪਦਾਨ ਸੋਧ ਬਿਲ, 2017 ਰੱਖਣ ਲਈ ਕਿਹਾ। ਇਸ 'ਤੇ ਕਾਂਗਰਸ ਦੇ ਜਯੋਤੀਰਾਦਿਤਯ ਸਿੰੰਧੀਆ ਨੇ ਕਿਹਾ ਕਿ ਇਸ ਅਹਿਮ ਬਿਲ 'ਤੇ ਸਦਨ ਵਿਚ ਸਾਰੇ ਪਾਰਟੀਆਂ ਦੇ ਮੈਂਬਰਾਂ ਦੁਆਰਾ ਚਰਚਾ ਜ਼ਰੂਰੀ ਹੈ। ਸਰਕਾਰ ਨੂੰ ਇਸ ਲਈ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਰੌਲੇ-ਰੱਪੇ ਵਿਚ ਹੀ ਬਿਲ ਨੂੰ ਪ੍ਰਵਾਨਗੀ ਦੇ ਦਿਤੀ ਗਈ। (ਏਜੰਸੀ)