
ਯੂ.ਪੀ. ਵਿੱਚ 'ਬਾਹੂਬਲੀ' ਵਜੋਂ ਜਾਣੇ ਜਾਂਦੇ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਦੀ ਪੰਜਾਬ ਫੇਰੀ ਨੇ ਪੁਲਿਸ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਅਤੇ ਇਸ ਵੇਲੇ ਨਜ਼ਰਾਂ ਅਤੇ ਨਿਸ਼ਾਨੇ ਦੋਵੇਂ ਹੀ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿੱਕੀ ਢਿੱਲੋਂ 'ਤੇ ਹਨ ਜਿਹਨਾਂ ਕੋਲ ਰਾਜਾ ਭਈਆ ਨੇ ਇਹ ਫੇਰੀ ਪਾਈ। ਕਿੱਕੀ ਢਿੱਲੋਂ ਨੇ ਇਸ ਮੁਲਾਕਾਤ ਦਾ ਜ਼ੋਰ-ਸ਼ੋਰ 'ਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਵੀ ਕੀਤਾ ਪਰ ਉਹੀ ਪ੍ਰਚਾਰ ਹੁਣ ਉਹਨਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਵਿਰੋਧੀ ਧਿਰ ਵੱਲੋਂ ਇਸ ਬਾਰੇ ਤਿੱਖੇ ਪ੍ਰਤੀਕਰਮ ਆ ਰਹੇ ਹਨ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਨਾਲ ਕਾਂਗਰਸ ਸਰਕਾਰ ਦੀ ਵੀ ਇਸ ਕਾਰਨ ਆਲੋਚਨਾ ਕੀਤੀ ਜਾ ਰਹੀ ਹੈ।
ਗੱਲ ਕਰਦੇ ਹਾਂ ਕਿ ਰਾਜਾ ਭਈਆ ਹੈ ਕੌਣ ? ਲੋਕਾਂ ਲਈ ਖੌਫ਼ ਦੇ ਕਾਰਨ ਵਜੋਂ ਜਾਣੇ ਜਾਂਦੇ ਰਾਜਾ ਭਈਆ ਕੁੰਡਾ ਤੋਂ 5 ਵਾਰ ਵਿਧਾਇਕ ਬਣੇ ਹਨ। ਰਾਜਾ ਭਈਆ ਨੂੰ ਮਾਇਆਵਤੀ 2002 ਵਿੱਚ pota ਅਧੀਨ ਜੇਲ੍ਹ ਦੀ ਹਵਾ ਖਵਾ ਚੁੱਕੀ ਹੈ। ਰਾਜਾ ਭਈਆ ਦੇ ਘਰ ਛਾਪਾ ਮਾਰਨ ਵਾਲੇ ਪੁਲਿਸ ਅਫਸਰ ਦੀ ਮੌਤ ਬਾਰੇ ਵੀ ਹੁਣ ਤੱਕ ਸ਼ੰਕੇ ਬਰਕਰਾਰ ਹਨ। ਆਮ ਲੋਕਾਂ ਵਿੱਚ ਰਾਜਾ ਭਈਆ ਦੀ ਛਵੀ ਬੜੀ ਖਰਾਬ ਹੈ। ਰਾਜਾ ਭਈਆ ਨਾਲ ਗੱਲਬਾਤ ਕਾਰਨ ਯੂ.ਪੀ. ਦੇ ਮੌਜੂਦਾ ਮੁੱਖ ਮੰਤਰੀ ਯੋਗੀ ਵੀ ਆਲੋਚਨਾ ਦੇ ਸ਼ਿਕਾਰ ਹੋ ਚੁੱਕੇ ਹਨ।
ਰਾਜਾ ਭਈਆ ਦੀ ਛਵੀ ਕਾਰਨ ਉਸਦੀ ਪੰਜਾਬ ਫੇਰੀ ਨਾਲ ਪੰਜਾਬ ਦੀ ਸਿਆਸੀ ਹਵਾ ਦਾ ਰੁਖ਼ ਬਦਲਣਾ ਸੁਭਾਵਿਕ ਹੀ ਹੈ ਪਰ ਆਖ਼ਿਰਕਾਰ ਸਿਆਸੀ ਨੇਤਾਵਾਂ ਦੇ ਤਾਰ ਅਪਰਾਧ ਜਗਤ ਨਾਲ ਜੁੜੇ ਲੋਕਾਂ ਨਾਲ ਕਿਉਂ ਜੁੜਦੇ ਹਨ ? ਇਸ ਮਾਮਲੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਅਕਸ ਦਾਗ਼ਦਾਰ ਹੈ।
ਪੰਜਾਬ ਦਾ ਇੱਕ ਸਾਬਕਾ ਗੈਂਗਸਟਰ ਇੱਕ ਇੰਟਰਵਿਊ ਵਿੱਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਬਾਰੇ ਵੀ ਅਜਿਹਾ ਖੁਲਾਸਾ ਕਰ ਚੁੱਕਿਆ ਹੈ। ਉਸ ਦਾ ਕਹਿਣਾ ਸੀ ਕਿ ਮਲੂਕਾ ਗੈਂਗਸਟਰਾਂ ਦੀ ਪੁਸ਼ਟੀ-ਪਨਾਹੀ ਕਰਦੇ ਹਨ ਅਤੇ ਉਹਨਾਂ ਨੂੰ ਸਿਆਸੀ ਫਾਇਦਿਆਂ ਲਈ ਵਰਤਦੇ ਹਨ।
ਅਬੋਹਰ ਵਿੱਚ ਹੋਏ ਭੀਮ ਟਾਂਕ ਹੱਤਿਆਕਾਂਡ ਵਿੱਚ ਨਾਮਜ਼ਦ ਸ਼ਿਵ ਲਾਲ ਡੋਡਾ ਵੀ ਇੱਕ ਅਜਿਹਾ ਹੀ ਨਾਂਅ ਹੈ। ਡੋਡਾ ਅਤੇ ਉਸਦਾ ਪੁੱਤਰ ਅਕਸਰ ਅਕਾਲੀ ਮੰਤਰੀਆਂ ਨਾਲ ਸਟੇਜਾਂ ਉੱਤੇ ਬਿਰਾਜਮਾਨ ਹੁੰਦੇ ਰਹੇ ਹਨ ਅਤੇ ਹਲਕਾ ਇੰਚਾਰਜ ਵਰਗੇ ਅਹੁਦੇਦਾਰ ਵੀ ਰਹਿ ਚੁੱਕੇ ਹਨ। ਡੋਡਾ ਦੇ ਫਾਰਮ ਹਾਊਸ 'ਤੇ ਦਲਿਤ ਆਗੂ ਭੀਮ ਟਾਂਕ ਦੇ ਕਤਲ ਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਬੜਾ ਗਰਮ ਕਰ ਦਿੱਤਾ ਸੀ। ਬਰਫ਼ ਵੇਚਣ ਵਾਲੇ ਤੋਂ ਵੱਡੇ ਕਾਰੋਬਾਰੀ ਅਤੇ ਸਿਆਸਤਦਾਨ ਦੇ ਸਫਰ ਵਿੱਚ ਡੋਡਾ ਦੇ ਅਪਰਾਧਿਕ ਪਿਛੋਕੜ ਦਾ ਹੱਥ ਦੱਸਿਆ ਜਾਂਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਟਾਂਕ ਦੇ ਕਤਲ ਵੇਲੇ ਡੋਡਾ ਨੇ ਇੱਕ ਸੀਨੀਅਰ ਕਾਂਗਰਸੀ ਆਗੂ ਨਾਲ ਦਿੱਲੀ ਵਿੱਚ ਮੀਟਿੰਗ ਵਿੱਚ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ।
2016 ਵਿੱਚ ਸੀਨੀਅਰ ਕਾਂਗਰਸੀ ਆਗੂ ਤਤਕਾਲੀਨ ਅਕਾਲੀ ਸਰਕਾਰ ਵੇਲੇ ਅਕਾਲੀ ਆਗੂ ਰੋਜ਼ੀ ਬਰਕੰਦੀ 'ਤੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦਾ ਸਮਝੌਤਾ ਕਰਵਾਉਣ ਦਾ ਦੋਸ਼ ਲਗਾ ਚੁੱਕੇ ਹਨ। ਇਸ ਬਾਰੇ ਵੱਡੀ ਗੱਲ ਇਹ ਸੀ ਕਿ ਉਹਨਾਂ ਇਹ ਖੁਲਾਸਾ ਜੇਲ੍ਹ ਸੁਪਰਡੈਂਟ ਦੁਆਰਾ ਕੀਤੇ ਜਾਂ ਦੀ ਗੱਲ ਵੀ ਕਹੀ ਸੀ।
ਆਪਣੀ ਧੀ ਦੀ ਇੱਜ਼ਤ ਬਚਾਉਂਦਿਆਂ ਇੱਕ ਪੁਲਿਸ ਵਾਲੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ। ਉਸ ਲੜਕੀ ਨਾਲ ਬਦਤਮੀਜ਼ੀ ਕਰਨ ਵਾਲਾ ਅਤੇ ਉਸ ਪੁਲਿਸ ਅਧਿਕਾਰੀ ਦਾ ਕਤਲ ਕਰਨ ਵਾਲਾ ਵੀ ਇੱਕ ਅਕਾਲੀ ਆਗੂ ਹੀ ਸੀ।
ਨਸ਼ਾ ਤਸਕਰੀ ਦੇ ਮੁੱਖ ਸਰਗਣੇ ਵਜੋਂ ਫੜਿਆ ਗਿਆ ਸਾਬਕਾ ਪੁਲਿਸ ਅਫਸਰ ਜਗਦੀਸ਼ ਭੋਲਾ ਨਸ਼ੇ ਦੇ ਵਪਾਰ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲੈ ਚੁੱਕਿਆ ਹੈ ਹਾਲਾਂਕਿ ਇਹ ਮਾਮਲਾ ਫਿਲਹਾਲ ਅਦਾਲਤੀ ਕਾਰਵਾਈ ਅਧੀਨ ਹੈ।
ਇਹਨੂੰ ਸਿਰਫ਼ ਸੰਯੋਗ ਕਹੀਏ ਜਾਂ ਕੁਝ ਹੋਰ। ਇਹਨਾਂ ਕੁਝ ਕੁ ਜਾਣਕਾਰੀਆਂ ਵਿੱਚ ਜਿਹੜੇ ਨਾਂਅ ਸਾਹਮਣੇ ਆਏ ਹਨ ਉਹ ਅਕਾਲੀ ਦਲ ਨਾਲ ਜੁੜ ਰਹੇ ਹਨ। ਜੇਕਰ ਪੰਜਾਬ ਦੇ ਸਿਆਸੀ ਤੰਤਰ ਨਾਲ ਜੁੜੇ ਤੱਥ ਹੋਰ ਗਹਿਰਾਈ ਨਾਲ ਫਰੋਲੇ ਜਾਣ ਤਾਂ ਅਜਿਹੇ ਅਨੇਕਾਂ ਹੀ ਨਾਂ ਹੋ ਨਿੱਕਲ ਆਉਣਗੇ ਜਿਹੜੇ ਅਪਰਾਧ ਜਗਤ ਨਾਲ ਜੁੜੇ ਹਨ। ਕੁਸ਼ਲਦੀਪ ਢਿੱਲੋਂ ਅਤੇ
ਰਾਜਾ ਭਈਆ ਦੀ ਮੁਲਾਕਾਤ ਦੇ ਚਰਚੇ ਬੜੇ ਰੰਗ ਬਦਲਣਗੇ। ਵਿਰੋਧੀ ਇਸਨੂੰ ਪੰਜਾਬ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ 'ਤੇ ਵੱਡੇ ਸਵਾਲ ਵਾਂਗ ਖੜ੍ਹਾ ਵੀ ਕਰਨਗੇ ਅਤੇ ਕਾਂਗਰਸ ਪਾਰਟੀ ਅਤੇ ਕੁਸ਼ਲਦੀਪ ਢਿੱਲੋਂ ਨੂੰ ਇਸ ਬਾਰੇ ਸਪਸ਼ਟੀਕਰਨ ਵੀ ਦੇਣੇ ਪੈਣਗੇ।
ਸਿਆਸੀ ਦਿੱਗਜਾਂ ਅਤੇ ਗੈਂਗਸਟਰਾਂ ਦੇ ਆਪਸੀ ਸੰਬੰਧ ਕਿਸੇ ਵੀ ਵਜਾਹ ਤੋਂ ਹੋਣ, ਪਰ ਤਾਕਤ ਨਾਲ ਚੱਲਦੀ ਸਿਆਸਤ ਵਿੱਚ ਨਾ ਤਾਂ ਲੋਕਤੰਤਰ ਆਪਣੀਆਂ ਜੜ੍ਹਾਂ 'ਤੇ ਮਜ਼ਬੂਤੀ ਨਾਲ ਖੜ੍ਹ ਸਕਦਾ ਹੈ ਅਤੇ ਨਾ ਹੀ ਇਸ ਵਿੱਚ ਆਮ ਲੋਕਾਂ ਦੇ ਹੱਕ ਸੁਰੱਖਿਅਤ ਰਹਿ ਸਕਦੇ ਹਨ।