
'ਰੈਂਟਲ ਹਾਊਸਿੰਗ ਅਕਾਮੋਡੇਸ਼ਨ' ਦੀ ਖਰੜਾ ਨੀਤੀ 'ਤੇ ਮੋਹਰ
ਚੰਡੀਗੜ੍ਹ, 24 ਜਨਵਰੀ (ਸਸਸ): ਵਿਦਿਆਰਥੀਆਂ, ਕਾਰਪੋਰੇਟ/ ਉਦਯੋਗਿਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ/ਪਰਵਾਸੀ ਮਜ਼ਦੂਰਾਂ, ਸੀਨੀਅਰ ਨਾਗਰਿਕਾਂ ਆਦਿ ਦੀ ਢੁਕਵੀਂ ਰਿਹਾਇਸ਼ ਲਈ ਅਪਣੀ ਤਰ੍ਹਾਂ ਦੀ ਨਿਵੇਕਲੀ 'ਰੈਂਟਲ ਹਾਊਸਿੰਗ ਅਕਾਮੋਡੇਸ਼ਨ ਪਾਲਿਸੀ' (ਕਿਰਾਏ ਦੀ ਰਿਹਾਇਸ਼ ਬਾਰੇ ਨੀਤੀ) ਨੂੰ ਪ੍ਰਵਾਨਗੀ ਦੇ ਦਿਤੀ ਹੈ।ਇਸ ਨੀਤੀ ਅਨੁਸਾਰ ਕਿਰਾਏ ਦੀ ਰਿਹਾਇਸ਼ ਨੂੰ ਉਤਸ਼ਾਹਤ ਕਰਨ ਲਈ ਕੁੱਝ ਵਿੱਤੀ ਅਤੇ ਫਿਜ਼ੀਕਲ ਨਾਰਮਜ਼ ਸਬੰਧੀ ਰਿਆਇਤਾਂ ਵੀ ਤਜਵੀਜ਼ਤ ਕੀਤੀਆਂ ਜਿਵੇਂ ਕਿ ਸੀ.ਐਲ.ਯੂ., ਈ.ਡੀ.ਸੀ. ਚਾਰਜਿਜ ਆਦਿ ਵਿਚ ਆਮ ਪਲਾਟਾਂ ਵਾਲੇ ਰਿਹਾਇਸ਼ੀ ਪ੍ਰਾਜੈਕਟ ਨਾਲੋਂ 50 ਫ਼ੀ ਸਦੀ ਛੋਟ ਦਿਤੀ ਹੈ। ਅਜਿਹੇ ਪ੍ਰਾਜੈਕਟਾਂ ਲਈ ਪਲਾਟ ਦੀ ਗਰਾਊਂਡ ਕਵਰੇਜ 60 ਫ਼ੀ ਸਦੀ ਅਤੇ ਐਫ.ਏ.ਆਰ. 1:3 ਤਜਵੀਜ਼ ਕੀਤਾ ਹੈ ਜੋ ਇਸ ਸਾਈਜ਼ ਦੇ ਆਮ ਘਰਾਂ ਲਈ ਪ੍ਰਵਾਨਿਤ ਗਰਾਊਂਡ ਕਵਰੇਜ਼ (50 ਫ਼ੀ ਸਦੀ) ਅਤੇ ਐਫ.ਏ.ਆਰ. (1:1.5) ਤੋਂ ਵਧੇਰੇ ਹੈ।
ਉਸਾਰੇ ਗਏ ਕੁਲ ਐਫ਼.ਏ.ਆਰ. ਦਾ 2 ਫ਼ੀ ਸਦੀ ਐਫ.ਏ.ਆਰ. ਰੋਜ਼ਾਨਾ ਦੀਆਂ ਘਰੇਲੂ ਜ਼ਰੂਰਤ ਵਾਲੀਆਂ ਦੁਕਾਨਾਂ ਦੇਣ ਲਈ ਤਜਵੀਜ਼ਤ ਕੀਤਾ ਹੈ। ਅਜਿਹੀਆਂ ਬਿਲਡਿੰਗਾਂ ਦੀ ਉਚਾਈ ਦੀ ਕੋਈ ਸੀਮਾ ਨਹੀਂ ਹੋਵੇਗੀ ਬਸ਼ਰਤੇ ਕਿ ਅਜਿਹੀਆਂ ਬਿਲਡਿੰਗਾਂ ਫਾਇਰ ਸੇਫ਼ਟੀ, ਸਟਰੱਕਚਰ ਸੇਫ਼ਟੀ ਅਤੇ ਪਾਰਕਿੰਗ ਨਾਰਮਜ਼ ਦੀ ਪ੍ਰਤੀ ਪੂਰਤੀ ਕਰਦੀਆਂ ਹੋਣ। ਅਜਿਹੀਆਂ ਬਿਲਡਿੰਗਾਂ ਲਈ ਪਾਰਕਿੰਗ ਨਾਰਮਜ਼ ਇਕ ਈ.ਸੀ.ਐਸ./100 ਸੁਕੈਅਰ ਮੀਟਰ ਕਵਰਡ ਏਰੀਆ ਨਿਰਧਾਰਤ ਕੀਤਾ ਹੈ ਕਿਉਂ ਜੋ ਅਜਿਹੀਆਂ ਇਮਾਰਤਾਂ ਵਿਚ ਕਿਰਾਏਦਾਰ ਕੋਲ ਅਪਣੇ ਵਹੀਕਲ ਹੋਣ ਦੀ ਸੰਭਾਵਨਾ ਘੱਟ ਹੋਵੇਗੀ।