
ਕੋਲਕਾਤਾ/ਨਵੀਂ
ਦਿੱਲੀ, 25 ਸਤੰਬਰ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮੁਕੁਲ ਰਾਏ ਨੇ ਅੱਜ ਕਿਹਾ ਕਿ
ਉਹ ਦੁਰਗਾਪੂਜਾ ਤੋਂ ਬਾਅਦ ਪਾਰਟੀ 'ਚੋਂ ਅਸਤੀਫ਼ਾ ਦੇ ਦੇਣਗੇ। ਉਸ ਤੋਂ ਬਾਅਦ ਤ੍ਰਿਣਮੂਲ
ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਛੇ ਸਾਲ ਲਈ
ਮੁਅੱਤਲ ਕਰ ਦਿਤਾ।
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ
ਤ੍ਰਿਣਮੂਲ ਕਾਂਗਰਸ ਨੇ ਭਾਜਪਾ ਆਗੂਆਂ ਨਾਲ ਕਥਿਤ ਨਜ਼ਦੀਕੀ ਰੱਖਣ ਨੂੰ ਲੈ ਕੇ ਪਿਛਲੇ ਹਫ਼ਤੇ
ਉਨ੍ਹਾਂ ਨੂੰ ਫ਼ਟਕਾਰ ਲਈ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਉਤੇ ਨਜ਼ਰ ਰੱਖ ਰਹੀ ਹੈ।
ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਰਾਏ ਨੇ ਕੋਲਕਾਤਾ 'ਚ ਕਿਹਾ ਕਿ ਭਾਰਤੀ ਜਨਤਾ
ਪਾਰਟੀ (ਭਾਜਪਾ) 'ਚ ਸ਼ਾਮਲ ਹੋਣ ਬਾਰੇ ਉਹ ਦੁਰਗਾ ਪੂਜਾ ਤੋਂ ਬਾਅਦ ਹੀ ਕਹਿਣਗੇ। ਉਨ੍ਹਾਂ
ਕਿਹਾ ਕਿ ਬੰਗਾਲ ਦੇ ਲੋਕ ਦੁਰਗਾ ਪੂਜਾ ਦੌਰਾਨ ਸਿਆਸੀ ਵਿਵਾਦ ਪਸੰਦ ਨਹੀਂ ਕਰਦੇ। ਉਨ੍ਹਾਂ
ਕਿਹਾ ਕਿ ਪਾਰਟੀ ਛੱਡਣ ਦਾ ਕਾਰਨ ਵੀ ਉਹ ਦੁਰਗਾ ਪੂਜਾ ਤੋਂ ਬਾਅਦ ਦਸਣਗੇ।
ਇਸ
ਦੌਰਾਨ ਭਾਜਪਾ ਦੇ ਪਛਮੀ ਬੰਗਾਲ ਬਾਰੇ ਮਾਮਲਿਆਂ ਦੇ ਇੰਚਾਰਜ ਕੈਲਾਸ਼ ਵਿਜੈਵਰਗੀ ਨੇ ਕਿਹਾ
ਕਿ ਜੇਕਰ ਰਾਏ ਉਨ੍ਹਾਂ ਦੀ ਪਾਰਟੀ ਨਾਲ ਜੁੜਨ ਦੀ ਪੇਸ਼ਕਸ਼ ਰਖਦੇ ਹਨ ਤਾਂ ਪਾਰਟੀ ਦੀ ਬੰਗਾਲ
ਇਕਾਈ ਦੇ ਆਗੂਆਂ ਨਾਲ ਚਰਚਾ ਮਗਰੋਂ ਉਸ ਉਤੇ ਫ਼ੈਸਲਾ ਕੀਤਾ ਜਾਵੇਗਾ। (ਪੀਟੀਆਈ)