
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਸਿੱਖ ਸੰਗਤ ਦਾ ਧਿਆਨ ਖਿੱਚਿਆ ਹੈ। ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਦਿਵਸ ਤੇ 351ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਨੂੰ ਯਾਦਗਾਰੀ ਬਣਾ ਕੇ ਸਿੱਖ ਜਗਤ ਦੀ ਪ੍ਰਸ਼ੰਸਾ ਖੱਟੀ ਹੈ। ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਸਟੇਜ ਤੋਂ ਰਿਮੋਟ ਕੰਟਰੋਲ ਰਾਹੀ ‘ਪ੍ਰਕਾਸ਼ ਪੁੰਜ’ ਦਾ ਨੀਂਹ ਪੱਥਰ ਰੱਖਿਆ। ਗੁਰਦੁਆਰਾ ਗੁਰੂ ਕਾ ਬਾਗ ਨੇਡ਼ੇ ਬਣਨ ਵਾਲੇ ਪ੍ਰਕਾਸ਼ ਪੁੰਜ ਵਿੱਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਰਸ਼ਨ ਨੂੰ ਦਰਸਾਉਂਦੇ ਅਸਤਰ-ਸ਼ਸਤਰ ਰੱਖੇ ਜਾਣਗੇ। ਉਨ੍ਹਾਂ ਪਟਨਾ ਸਾਹਿਬ ਦੇ ਸਾਰੇ ਗੁਰਦਆਰਿਆਂ ਨੂੰ ਜੋਡ਼ਨ ਵਾਲਾ ਗੁਰੂ ਸਰਕਟ ਬਣਾਉਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸਿੱਖ ਦੇਸ਼ ਦਾ ਮਾਣ ਹਨ, ਜਿਨ੍ਹਾਂ ਦੀ ਆਬਾਦੀ ਭਾਵੇਂ ਦੋ ਫ਼ੀਸਦੀ ਹੈ ਪਰ ਦੇਸ਼ ਲਈ ਕੁਰਬਾਨੀਆਂ 98 ਫ਼ੀਸਦੀ ਕੀਤੀਆਂ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਸਾਰੇ ਵਰਤਾਰੇ ਪਿੱਛੇ ਗੁਰੂ ਗੋਬਿੰਦ ਸਿੰਘ ਵੱਲੋਂ ਸਰਬੰਸਦਾਨ ਕਰਨ ਵਰਗੀਆਂ ਮਹਾਨ ਸ਼ਹਾਦਤਾਂ ਦੀ ਪ੍ਰੇਰਣਾ ਕੰਮ ਕਰ ਰਹੀ ਹੈ। ਆਪਣੇ ਆਪ ਨੂੰ ਵਡਭਾਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਵੀ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਲਿਆ ਸੀ।
ਨਿਤੀਸ਼ ਕੁਮਾਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾਡ਼ੇ ਮਨਾਉਣ ਦਾ ਹਾਂ-ਪੱਖੀ ਪ੍ਰਭਾਵ ਪਿਆ ਹੈ। ਇਨ੍ਹਾਂ ਸਮਾਗਮਾਂ ਨੇ ਬਿਹਾਰ ਪ੍ਰਤੀ ਦੇਸ਼ ਦਾ ਨਜ਼ਰੀਆ ਬਦਲਿਆ ਹੈ। ਨਿਤੀਸ਼ ਕੁਮਾਰ ਉਸ ਸਮੇਂ ਭਾਵੁਕ ਹੋ ਗਏ ਜਦੋਂ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਗਰੀਬ ਤੇ ਪੱਛਡ਼ੇ ਹੋਏ ਹਨ, ਜੇਕਰ ਉਨ੍ਹਾਂ ਕੋਲੋਂ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਮੁਆਫ਼ੀ ਮੰਗਦੇ ਹਨ। ਇੰਨਾ ਬੋਲਣ ਦੀ ਦੇਰ ਸੀ ਕਿ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਪੰਡਾਲ ਗੂੰਜਣ ਲਾ ਦਿੱਤਾ।