
ਨਵੀਂ ਦਿੱਲੀ, 27 ਨਵੰਬਰ: ਕਾਂਗਰਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਗੁਜਰਾਤ ਲਈ ਕੁੱਝ ਵੀ ਨਾ ਕਰਨ ਦੇ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਗ਼ਲਤ ਅਤੇ ਗੁਮਰਾਹ ਕਰਨ ਵਾਲਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਦਾ ਪਤਾ ਲਗਦਾ ਹੈ।ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਗੁਜਰਾਤ 'ਚ ਕਾਂਗਰਸ ਦੇ ਲੋਕਾਂ 'ਚ ਮਕਬੂਲ ਹੋਣ ਤੋਂ ਭਾਜਪਾ ਅਤੇ ਪ੍ਰਧਾਨ ਮੋਦੀ ਪ੍ਰੇਸ਼ਾਨ ਹੋਏ ਹਨ ਇਸੇ ਕਰ ਕੇ ਉਹ ਵੋਟਰਾਂ ਨੂੰ ਗੁਮਰਾਹ ਕਰਨ ਲਈ ਗ਼ਲਤ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਾਰੇ ਕਿਹਾ ਕਿ ਉਨ੍ਹਾਂ ਗੁਜਰਾਤ ਲਈ ਕੁੱਝ ਨਹੀਂ ਕੀਤਾ।
ਸ਼ਰਮਾ ਨੇ ਕਿਹਾ ਕਿ ਨਹਿਰੂ ਅਤੇ ਕਾਂਗਰਸ ਦੇ ਰਾਜ ਦੌਰਾਨ ਹੀ ਅਮੂਲ, ਅਹਿਮਦਾਬਾਦ 'ਚ ਭਾਰਤੀ ਪ੍ਰਬੰਧਨ ਸੰਸਥਾਨ, ਰਾਸ਼ਟਰੀ ਡਿਜ਼ਾਈਨ ਸੰਸੈਥਾਨ ਅਹਿਮਦਾਬਾਦ, ਗਾਂਧੀਨਗਰ 'ਚ ਆਈ.ਆਈ.ਟੀ., ਰਾਸ਼ਟਰ ਫ਼ੈਸ਼ਨ ਟੈਕਨਾਲੋਜੀ ਸੰਸਥਾਨ, ਗਾਂਧੀਨਗਰ 'ਚ ਕੇਂਦਰੀ ਯੂਨੀਵਰਸਟੀ ਆਦਿ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ 'ਚ ਸਿਰਫ਼ ਧੋਲੇਰਾ ਦਾ ਹਵਾਈ ਅੱਡਾ ਬਣਿਆ ਜਿਸ ਦਾ ਰਨਵੇ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦਾ। (ਪੀਟੀਆਈ)