
ਨਵੀਂ ਦਿੱਲੀ, 20 ਅਕਤੂਬਰ: ਸੁਪਰੀਮ ਕੋਰਟ ਦੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪਟਾਕਿਆਂ ਦੀ ਵਿਕਰੀ ਉਤੇ ਪਾਬੰਦੀ ਦੇ ਬਾਵਜੂਦ ਵੱਡੇ ਪੱਧਰ 'ਤੇ ਪਟਾਕੇ ਚਲਾਏ ਜਾਣ ਕਰ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਪੱਧਰ ਦੇਰ ਰਾਤ ਤਕ ਖ਼ਤਰਨਾਕ ਪੱਧਰ 'ਤੇ ਪੁੱਜ ਗਿਆ ਸੀ ਜੋ ਸੁਰੱਖਿਅਤ ਹੱਦ ਤੋਂ ਪੰਜ ਗੁਣਾਂ ਜ਼ਿਆਦਾ ਸੀ। ਦੀਵਾਲੀ ਦੇ ਜਸ਼ਨ 'ਚ ਕਲ ਵੱਡੀ ਗਿਣਤੀ 'ਚ ਪਟਾਕੇ ਚਲਾਏ ਜਾਣ ਤੋਂ ਬਾਅਦ ਰਾਜਧਾਨੀ ਦਿੱਲੀ ਦੀ ਹਵਾ ਹੁਣ ਜ਼ਹਿਰੀਲੀ ਹੋ ਗਈ ਹੈ।
ਪ੍ਰਦੂਸ਼ਣ ਦਾ ਪੱਧਰ ਦੱਸਣ ਵਾਲੀ ਸਰਕਾਰੀ ਸਿਸਟਮ ਆਫ਼ ਏਅਰ ਕੁਆਲਿਟੀ ਫ਼ੋਰਕਾਸਟਿੰਗ ਐਂਡ ਰੀਸਰਚ (ਸਫ਼ਰ) ਦਾ ਚਿੰਨ੍ਹ ਗੂੜ੍ਹਾ ਭੂਰਾ ਹੋ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਹਿਰ 'ਚ ਹਵਾ ਦਾ ਮਿਆਰ ਗੰਭੀਰ ਹੋ ਗਿਆ ਹੈ। ਇਹ ਲੋਕਾਂ ਦੀ ਸਿਹਤ ਉਤੇ ਅਸਰ ਕਰ ਸਕਦਾ ਹੈ। ਖ਼ਾਸ ਤੌਰ 'ਤੇ ਸਾਹ ਅਤੇ ਦਿਲ ਨਾਲ ਸੰਬਧਤ ਬਿਮਾਰੀਆਂ ਵਾਲਿਆਂ ਨੂੰ ਇਹ ਜ਼ਿਆਦਾ ਪ੍ਰਭਾਵਤ ਕਰਦਾ ਹੈ।
ਪੀ.ਐਮ. 2.5 ਅਤੇ ਪੀ.ਐਮ. 10 ਦਾ ਪਿਛਲੇ 24 ਘੰਟਿਆਂ ਦਾ ਕ੍ਰਮਵਾਰ ਔਸਤ 424 ਅਤੇ 571 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ ਜੋ ਇਯ ਦੀ ਸੁਰੱਖਿਅਤ ਹੱਕ ਲੜੀਵਾਰ 60 ਅਤੇ 100 ਤੋਂ ਕਈ ਗੁਣਾਂ ਜ਼ਿਆਦਾ ਹੈ। ਅਮਰੀਕੀ ਸਫ਼ਾਰਤਖ਼ਾਨੇ ਦੇ ਪ੍ਰਦੂਸ਼ਣ ਨਿਗਰਾਨੀ ਕੇਂਦਰ ਨੇ ਹਵਾ ਦੇ ਮਿਆਰ ਨੂੰ 878 ਸੂਚਕ ਅੰਕ ਨਾਲ ਖ਼ਤਰਨਾਕ ਰੀਕਾਰਡ ਕੀਤਾ ਹੈ।
ਹਵਾ ਦਾ ਮਿਆਰ ਸੂਚਕ ਅੰਕ ਜਦੋਂ 0-50 ਹੁੰਦਾ ਹੈ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। 51 ਤੋਂ 100 ਵਿਚਕਾਰ ਸੰਤੋਜ਼ਜਨਕ, 101 ਤੋਂ 200 ਵਿਚਕਾਰ ਦਰਮਿਆਨ, 201 ਤੋਂ 300 ਵਿਚਕਾਰ ਖ਼ਰਾਬ, 301 ਤੋਂ 400 ਵਿਚਕਾਰ ਬਹੁਤ ਖ਼ਰਾਬ ਜਦਕਿ 401 ਤੋਂ ਉੱਪਰ ਸੱਭ ਤੋਂ ਗੰਭੀਰ ਸਥਿਤੀ ਮੰਨੀ ਜਾਂਦੀ ਹੈ। ਹਾਲਾਂਕਿ ਪਿਛਲੇ ਸਾਲਾਂ ਮੁਕਾਬਲੇ ਇਸ ਸਾਲ ਦੀਵਾਲੀ ਤੋਂ ਪਹਿਲਾਂ ਦਾ ਮੌਸਮ ਜ਼ਿਆਦਾ ਸਾਫ਼ ਸੁਥਰਾ ਸੀ। ਦੀਵਾਲੀ ਦੀ ਸ਼ਾਮ ਮੁਕਾਬਲੇ 'ਚ ਜ਼ਿਆਦਾ ਸ਼ਾਂਤ ਸੀ ਅਤੇ ਲੱਗ ਰਿਹਾ ਸੀ ਕਿ ਦਿੱਲੀ ਐਨ.ਸੀ.ਆਰ. ਖੇਤਰ 'ਚ ਪਟਾਕਿਆਂ ਦੀ ਵਿਕਰੀ 'ਤੇ ਸੁਪਰੀਮ ਕੋਰਟ ਦੀ ਪਾਬੰਦੀ ਕੰਮ ਕਰ ਗਈ। ਪਿਛਲੇ ਸਾਲ ਦੀਵਾਲੀ ਮਗਰੋਂ ਪ੍ਰਦੂਸ਼ਣ ਦਾ ਪੱਧਰ ਪਿਛਲੇ ਤਿੰਨ ਦਹਾਕਿਆਂ 'ਚ ਸੱਭ ਤੋਂ ਜ਼ਿਆਦਾ ਰਿਹਾ ਸੀ। ਹਵਾ ਦੇ ਮਿਆਰ ਬਾਰੇ ਮੋਬਾਈਲ ਐਪ 'ਬਲੂ ਏਅਰ ਫ਼ਰੈਂਡ ਐਪ' ਵਲੋਂ ਕਰਵਾਏ ਇਕ ਸਰਵੇ 'ਚ ਕਿਹਾ ਗਿਆ ਹੈ ਕਿ ਆਨੰਦ ਵਿਹਾਰ ਇਲਾਕੇ 'ਚ ਹਵਾ ਦਾ ਮਿਆਰ ਸੂਚਕ ਅੰਕ (ਏ.ਕਿਊ.ਆਈ.) 553 ਸੀ। ਇਹ ਸੁਰੱਖਿਅਤ ਹੱਦ 51-100 ਦੇ ਮੁਕਾਬਲੇ ਪੰਜ ਗੁਣਾਂ ਜ਼ਿਆਦਾ ਸੀ।
ਇਸ ਅਨੁਸਾਰ ਪਛਮੀ ਵਿਹਾਰ, ਆਰ.ਕੇ. ਪੁਰਮ, ਫ਼ਰੀਦਾਬਾਦ ਅਤੇ ਦਵਾਰਕਾ ਇਲਾਕੇ 'ਚ ਹਵਾ ਦਾ ਮਿਆਰ ਸੂਚਕ ਅੰਕ ਲੜੀਵਾਰ 365, 286, 406 ਅਤੇ 254 ਸੀ।
ਹਵਾ ਦੇ ਮਿਆਰ ਬਾਰੇ ਮੋਬਾਈਲ ਐਪ 'ਬਲੂ ਏਅਰ ਫ਼ਰੈਂਡ ਐਪ' ਵਲੋਂ ਕਰਵਾਏ ਇਕ ਸਰਵੇ 'ਚ ਕਿਹਾ ਗਿਆ ਹੈ ਕਿ ਆਨੰਦ ਵਿਹਾਰ ਇਲਾਕੇ 'ਚ ਹਵਾ ਦਾ ਮਿਆਰ ਸੂਚਕ ਅੰਕ (ਏ.ਕਿਊ.ਆਈ.) 553 ਸੀ। ਇਹ ਸੁਰੱਖਿਅਤ ਹੱਦ 51-100 ਦੇ ਮੁਕਾਬਲੇ ਪੰਜ ਗੁਣਾਂ ਜ਼ਿਆਦਾ ਸੀ।'ਬਲੂ ਏਅਰ' ਦੇ ਪਛਮੀ ਅਤੇ ਦਖਣੀ ਏਸ਼ੀਆ ਖੇਤਰ ਦੇ ਨਿਰਦੇਸ਼ਕ ਗਿਰੀਸ਼ ਬਾਪਤ ਨੇ ਕਿਹਾ ਕਿ ਸ਼ਹਿਰ 'ਚ ਵਧਦੇ ਪ੍ਰਦੂਸ਼ਣ ਲਈ ਪਟਾਕੇ ਬਹੁਤ ਮਹੱਤਵਪੂਰਨ ਕਾਰਕ ਸਨ। ਸਾਨੂੰ ਇਸ ਨੂੰ ਖ਼ੁਦ ਹੀ ਪਾਬੰਦੀਸ਼ੁਦਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਵੀ ਸਿਹਤ ਅਤੇ ਜੀਵਨ ਲਈ ਖ਼ਤਰਨਾਕ ਹਨ।ਸਰਵੇਖਣ 'ਚ ਕਿਹਾ ਗਿਆ ਹੈ ਕਿ ਦੀਵਿਆਂ ਦਾ ਇਹ ਤਿਉਹਾਰ ਦਮਾ ਅਤੇ ਸਾਹ ਬਾਰੇ ਹੋਰ ਬੀਮਾਰੀਆਂ ਨਾਲ ਪੀੜਤ ਲੋਕਾਂ ਲਈ ਸੱਭ ਤੋਂ ਖ਼ਰਾਬ ਸਮਾਂ ਹੁੰਦਾ ਹੈ ਕਿਉਂਕਿ ਸ਼ਹਿਰ 'ਚ ਹਵਾ ਦਾ ਮਿਆਰ ਬਹੁਤ ਖ਼ਰਾਬ ਹੋ ਜਾਂਦਾ ਹੈ। (ਪੀਟੀਆਈ)