
ਅੰਮ੍ਰਿਤਸਰ, 13 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਕਾ ਜਲ੍ਹਿਆਂ ਵਾਲਾ ਬਾਗ਼ 'ਚ ਕਤਲੇਆਮ ਦਾ ਇੰਗਲੈਂਡ ਦੀ ਧਰਤੀ 'ਤੇ ਸਰ-ਮਾਈਕਲ ਉਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਦਾ ਆਦਮਕੱਦ ਬੁੱਤ ਲੋਕ ਅਰਪਣ ਕਰਨ ਉਪਰੰਤ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ (ਰਜਿ) ਦੀ ਅਗਵਾਈ ਹੇਠ ਕਰਵਾਏ ਗਏ ਸੂਬਾ ਪਧਰੀ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਪੁੱਜੇ। ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ੍ਹਿਆਂ ਵਾਲਾ ਬਾਗ਼ ਕਾਂਡ ਦੀ 100 ਸਾਲਾ ਸ਼ਤਾਬਦੀ ਪੂਰੇ ਭਾਰਤ ਵਿਚ ਅਗਲੇ ਸਾਲ ਮਨਾਈ ਜਾਵੇਗੀ ਅਤੇ ਇਸ ਮੁਕੱਦਸ ਧਰਤੀ ਨੂੰ ਸੁੰਦਰ ਦਿਖ ਪ੍ਰਦਾਨ ਕੀਤੀ ਜਾਵੇਗੀ। ਰਾਜਨਾਥ ਸਿੰਘ ਨੇ ਬੜੇ ਭਾਵੁਕ ਸ਼ਬਦਾਂ 'ਚ ਕਿਹਾ ਕਿ ਦੇਸ਼ ਦੀ ਅਣਖ ਖ਼ਾਤਰ ਸ਼ਹੀਦ ਊਧਮ ਸਿੰਘ ਨੇ 13 ਅਪ੍ਰੈਲ 1919 ਨੂੰ ਵਾਪਰੇ ਸਾਕਾ ਜਲ੍ਹਿਆਂ ਵਾਲੇ ਬਾਗ਼ ਕਾਂਡ ਦੇ ਸ਼ਹੀਦਾਂ ਦਾ ਬਦਲਾ ਲਗਭਗ 21 ਸਾਲ ਬਾਅਦ ਲਿਆ ਅਤੇ 13 ਮਾਰਚ 1940 ਨੂੰ ਫਾਂਸੀ ਦਾ ਰੱਸਾ ਚੁੰਮਿਆ, ਜਿਸ ਦਾ ਅਸਰ ਭਾਰਤ ਵਾਸੀਆਂ ਤੇ ਖ਼ਾਸ ਕਰ ਕੇ ਨੌਜਵਾਨਾਂ ਉਪਰ ਅਮਿੱਟ ਪਿਆ। ਭਾਰਤੀ ਨੌਜਵਾਨ ਅੰਗਰੇਜ਼ਾਂ ਵਿਰੁਧ ਸੜਕਾਂ 'ਤੇ ਉਤਰੇ ਜਿਸ ਦੇ ਸਿੱਟੇ ਵਜੋਂ 1942 'ਚ ਭਾਰਤ ਛੱਡੋ ਮੁਹਿੰਮ ਉਭਰੀ ਅਤੇ ਪੰਜ ਸਾਲਾਂ ਬਾਅਦ ਭਾਵ 1947 'ਚ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ ਤੇ ਦੇਸ਼ ਦੇ ਇਤਿਹਾਸ ਵਿਚ ਸ਼ਹੀਦ ਊਧਮ ਸਿੰਘ ਨਾਮ ਸਦਾ ਚਮਕਦਾ ਰਹੇਗਾ। ਰਾਜਨਾਥ ਸਿੰਘ ਮੁਤਾਬਕ ਅੰਮ੍ਰਿਤਸਰ ਦੁਨੀਆਂ ਭਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂ ਵਾਲੇ ਬਾਗ਼ ਕਾਰਨ ਪ੍ਰਸਿੱਧ ਹੈ, ਜਿਥੇ ਇਕ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੁੰਦੇ ਹਨ। ਰਾਜਨਾਥ ਸਿੰਘ ਨੇ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ (ਰਜਿ) ਦੇ ਬਾਨੀ ਦੌਲਤ ਰਾਮ ਅਤੇ ਬੌਬੀ ਕੰਬੋਜ ਪ੍ਰਧਾਨ ਦੀ ਤਾਰੀਫ਼ ਕੀਤੀ, ਜਿਨ੍ਹਾਂ ਦੀ ਬਦੌਲਤ 78 ਸਾਲ ਬਾਅਦ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਲੋਕ ਅਰਪਣ ਹੋਇਆ ਹੈ।
ਇਸ ਮੌਕੇ ਰਾਜਨਾਥ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਚੰਦਰ ਸ਼ੇਖਰ ਅਜ਼ਾਦ, ਬੀ ਕੇ ਦੱਤ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਵਲੋਂ ਅਜ਼ਾਦੀ ਸੰਗਰਾਮ 'ਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਰਾਜਨਾਥ ਸਿੰਘ ਨੇ ਡਾ. ਅੰਬੇਦਕਰ ਤੇ ਹੋਰ ਦੇਸ਼ ਭਗਤਾਂ ਦੇ ਬੁੱਤ ਤੋੜਨ ਵਾਲਿਆਂ ਨੂੰ ਮੁੜ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਤੱਤਾਂ ਵਿਰੁਧ ਸਖ਼ਤੀ ਨਾਲ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹੀਦ ਦਾ ਬੁੱਤ ਬਾਬੀ ਕੰਬੋਜ ਦੇ ਯਤਨਾਂ ਨਾਲ ਸਥਾਪਤ ਹੋਇਆ ਹੈ ਪਰ ਸ਼ਹੀਦ ਊਧਮ ਸਿੰਘ ਸਮੂਹ ਭਾਰਤੀਆਂ ਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਊਧਮ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਖੇ ਸਥਾਪਤ ਕਰਨ ਦਾ ਐਲਾਨ ਜਲਦ ਕਰਨਗੇ। ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਰਤ ਨੂੰ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਤੇ ਮਾਣ ਹੈ ਤੇ 13 ਮਾਰਚ 1940 ਨੂੰ ਮਾਣ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਅਜ਼ਾਦੀ ਬਾਅਦ ਅਨੇਕਾਂ ਸਰਕਾਰਾਂ ਤੇ ਵਜ਼ੀਰ ਆਏ ਪਰ ਜਿਹੜਾ ਮਾਣ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਨੂੰ ਅੱਜ ਮਿਲਿਆ ਹੈ, ਉਹ ਉਨ੍ਹਾਂ ਦੀ ਕਿਸਮਤ ਵਿਚ ਸੀ। ਚੰਦੂਮਾਜਰਾ ਮੁਤਾਬਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਸ਼ਹੀਦ ਊਧਮ ਸਿੰਘ ਦਾ ਬੁੱਤ ਲੋਕ ਅਰਪਣ ਕਰਨ ਨਾਲ ਰਾਜਨਾਥ ਸਿੰਘ ਦਾ ਮਾਣ ਸਿੱਖ ਕੌਮ ਤੇ ਪੰਜਾਬੀਆਂ ਅਤੇ ਭਾਰਤੀਆਂ 'ਚ ਵਧਿਆ ਹੈ।ਚੰਦੂਮਾਜਰਾ ਨੇ ਮੰਗ ਕੀਤੀ ਕਿ ਅੰਡੇਮਾਨ ਨਿਕੋਬਾਰ ਟਾਪੂਆਂ ਦਾ ਨਾਮ ਅੰਗਰੇਜ਼ ਦੀ ਥਾਂ ਅਜ਼ਾਦੀ ਘੁਲਾਟੀਆਂ ਦੇ ਨਾਂਅ ਹੋਣਾ ਚਾਹੀਦਾ ਹੈ। ਚੰਦੂਮਾਜਰਾ ਮੁਤਾਬਕ ਨਵੀ ਦਿੱਲੀ 'ਚ ਸੜਕ ਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ਰੱਖਣ ਦੀ ਮੰਗ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਦੇਸ਼ ਲੈ ਕੇ ਵਿਸ਼ੇਸ਼ ਤੌਰ 'ਤੇ ਪੁੱਜੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਿਆ ਜਿਸ ਵਿਚ ਮੁੱਖ ਮੰਤਰੀ ਨੇ ਸ਼ਹੀਦ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਦਾ ਦੇਸ਼ ਦੀ ਆਣ-ਸ਼ਾਨ ਲਈ ਵੱਧ ਕੁਰਬਾਨੀਆਂ ਕੀਤੀਆਂ ਅਤੇ ਸ਼ਹੀਦਾ ਦਾ ਇਹ ਬੁੱਤ ਆਉਣ ਵਾਲੀ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੇਗਾ। ਭਾਜਪਾ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਸੰਬੋਧਨ ਕਰਦਿਆਂ ਸ਼ਹੀਦ ਊਧਮ ਸਿੰਘ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਦੌਲਤ ਰਾਮ, ਬਾਬੀ ਕੰਬੋਜ਼ ਨੇ ਵੀ ਸੰਬੋਧਨ ਕੀਤਾ ਅਤੇ ਵੱਖ ਵੱਖ ਯਾਦ ਪੱਤਰ ਰਾਜਨਾਥ ਸਿੰਘ ਤੇ ਸਾਧੂ ਸਿੰਘ ਧਰਮਸੋਤ ਨੂੰ ਦਿਤੇ।ਰਾਜਨਾਥ ਸਿੰਘ, ਸਾਧੂ ਸਿੰਘ ਧਰਮਸੋਤ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਜੀਤ ਸਿੰਘ ਔਜਲਾ, ਸ਼ਵੇਤ ਮਲਿਕ, ਅਨਿਲ ਜੋਸ਼ੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਜਿੰਦਰਮੋਹਨ ਸਿੰਘ ਛੀਨਾ, ਰਾਜੇਸ਼ ਹਨੀ, ਸਾਬਕਾ ਮੰਤਰੀ ਸ੍ਰੀ ਹੰਸ ਰਾਜ ਜੋਸਨ, ਕਰਮਦੇਵ ਰਾਜਮੰਤਰੀ ਹਰਿਆਣਾ, ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀਕਾਂਤਾ ਚਾਵਲਾ ਅਤੇ ਖੁਸ਼ਵੰਤਰ ਰਾਏ ਗੀਗਾ, ਏ ਡੀ ਸੀ ਜਸਵਿੰਦਰ ਸਿੰਘ ਰਮਦਾਸ ਵੀ ਹਾਜ਼ਰ ਸਨ।