
ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਤੋਂ ਬਾਹਰ ਬੇਕਾਬੂ ਹੋਈ ਭੀੜ 'ਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਸੱਤ ਸਾਲਾ ਬੱਚੇ ਦੇ ਪਖਾਨੇ ਵਿੱਚ ਕੀਤੇ ਕਤਲ ਤੋਂ ਬਾਅਦ ਭੜਕੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਨੇੜੇ ਦੀ ਸ਼ਰਾਬ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ।
ਸੱਤ ਸਾਲਾ ਬੱਚੇ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਬੱਸ ਕੰਡਕਟਰ ਦੀ ਸ਼ਮੂਲੀਅਤ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਕੇਂਦਰੀ ਜਾਂਚ ਬਿਊਰੋ ਦੁਆਰਾ ਜਾਂਚ ਦੀ ਮੰਗ ਕੀਤੀ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਕਿਸੇ ਵੀ ਏਜੰਸੀ ਨੂੰ ਜਾਂਚ ਦੇਣ ਲਈ ਤਿਆਰ ਹੈ।
ਦੂਸਰੀ ਜਮਾਤ ਦੇ ਵਿਦਿਆਰਥੀ ਪ੍ਰਦਿਉਮਨ ਦੇ ਜਿਣਸੀ ਸ਼ੋਸ਼ਣ ਦੀ ਕੋਸ਼ਿਸ਼ ਤੋਂ ਬਾਅਦ ਇੱਕ ਸਕੂਲ ਬੱਸ ਕੰਡਕਟਰ ਨੇ ਉਸਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ।
ਪੁਲਿਸ ਨੇ ਕਿਹਾ ਹੈ ਕਿ ਇਕ ਹਫਤੇ ਦੇ ਅੰਦਰ ਕੇਸ ਦੀ ਜਾਂਚ ਮੁਕੰਮਲ ਕਰਕੇ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਸੁਣਵਾਈ ਲਈ ਫਾਸਟ ਟਰੈਕ ਕੋਰਟ ਦੀ ਮੰਗ ਕਰਨ ਦੀ ਗੱਲ ਵੀ ਕਹੀ ਗਈ ਹੈ। ਸੀ.ਬੀ.ਐਸ.ਈ. ਦੇ ਲੋਕ ਸੰਪਰਕ ਦਫਤਰ ਤੋਂ ਰਾਮ ਸ਼ਰਮਾ ਨੇ ਕਿਹਾ ਕਿ ਰਿਆਨ ਇੰਟਰਨੈਸ਼ਨਲ ਨੂੰ ਦੋ ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਰਿਪੋਰਟ ਦੇ ਨਾਲ ਦਰਜ ਕੀਤੀ ਐਫ.ਆਈ.ਆਰ. ਦੀ ਕਾਪੀ ਭੇਜਣ ਲਈ ਕਿਹਾ ਗਿਆ ਹੈ।