
ਨਵੀਂ ਦਿੱਲੀ, 21 ਫ਼ਰਵਰੀ: ਸੱਤ ਕੋਮੀ ਬੈਂਕਾਂ ਦੇ ਸਮੂਹ ਤੋਂ ਲਏ ਗਏ 3695 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਦੇ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅੱਜ ਇਥੇ ਅਪਣੇ ਹੈੱਡਕੁਆਰਟਰ 'ਚ ਰੋਟੋਮੈਕ ਪੈੱਨ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਕੋਲੋਂ ਪੁੱਛ-ਪੜਤਾਲ ਕੀਤੀ।ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਠਾਰੀ ਤੋਂ ਕਾਨਪੁਰ 'ਚ ਪੁੱਛ-ਪੜਤਾਲ ਕੀਤੀ ਗਈ ਸੀ ਜਿਥੇ ਉਨ੍ਹਾਂ ਦਾ ਘਰ ਅਤੇ ਕੰਪਨੀ ਹੈ। ਜਦਕਿ ਕੋਠਾਰੀ ਦੇ ਪੁੱਤਰ ਰਾਹੁਲ ਨੂੰ ਏਜੰਸੀ ਨੇ ਇਥੇ ਸਦਿਆ ਸੀ। ਕੋਠਾਰੀ, ਉਨ੍ਹਾਂ ਦੀ ਪਤਨੀ ਸਾਧਨਾ ਅਤੇ ਪੁੱਤਰ ਰਾਹੁਲ ਸਾਰੇ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਹਨ। ਉਨ੍ਹਾਂ ਕਥਿਤ ਤੌਰ 'ਤੇ ਕਰਜ਼ੇ ਵਜੋਂ ਪ੍ਰਾਪਤ ਕੀਤੀ ਰਕਮ ਦਾ ਕਿਸੇ ਹੋਰ ਕੰਮ ਲਈ ਪ੍ਰਯੋਗ ਕੀਤਾ ਸੀ।
ਉਨ੍ਹਾਂ ਕਿਹਾ ਕਿ ਸੱਤ ਕੌਮੀ ਬੈਂਕਾਂ ਦੇ ਸਮੂਹ 'ਚੋਂ ਇਕ ਬੈਂਕ ਆਫ਼ ਬੜੌਦਾ ਨੇ ਸੀ.ਬੀ.ਆਈ. ਨੂੰ ਕੋਠਾਰੀ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕੋਠਾਰੀ ਦੇਸ਼ ਛੱਡ ਕੇ ਭੱਜ ਸਕਦੇ ਹਨ। ਸ਼ਿਕਾਇਤ ਮਿਲਣ ਮਗਰੋਂ ਸੀ.ਬੀ.ਆਈ. ਨੇ 18 ਫ਼ਰਵਰੀ ਨੂੰ ਮਾਮਲਾ ਦਰਜ ਕੀਤਾ ਸੀ।ਕੋਠਾਰੀ ਦੀ ਕੰਪਨੀ ਨੇ ਕਥਿਤ ਤੌਰ 'ਤੇ ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਇਲਾਹਾਬਾਦ ਬੈਂਕ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਵੀ ਕਰਜ਼ਾ ਲਿਆ ਸੀ। ਕਾਲੇ ਧਨ ਨੂੰ ਚਿੱਟਾ ਕਰਨ ਬਾਬਤ ਮਾਮਲੇ ਦੀ ਜਾਂਚ 'ਚ ਇਨਫ਼ੋਰਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਬੂਤ ਇਕੱਠੇ ਕਰਨ ਲਈ ਉਨਾਵ, ਕਾਨਪੁਰ ਸਮੇਤ ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇ ਵੀ ਮਾਰੇ ਸਨ। (ਪੀਟੀਆਈ)