
ਨਵੀਂ ਦਿੱਲੀ, 19 ਫ਼ਰਵਰੀ : ਰੋਟੋਮੈਕ ਪੈਨ ਦੇ ਪ੍ਰਮੋਟਰ ਵਿਕਰਮ ਕੋਠਾਰੀ ਵਿਰੁਧ 3695 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਦਰਜ ਕੀਤਾ ਹੈ। ਅਧਿਕਾਰੀਆ ਨੇ ਅੱਜ ਇਥੇ ਦਸਿਆ ਕਿ ਜਾਂਚ ਏਜੰਸੀ ਨੇ ਅੱਜ ਸਵੇਰੇ ਕਾਨਪੁਰ ਵਿਚ ਕੋਠਾਰੀ ਦੇ ਘਰ ਅਤੇ ਦਫ਼ਤਰਾਂ ਵਿਚ ਛਾਪੇ ਮਾਰੇ। ਸੀਬੀਆਈ ਬੁਲਾਰੇ ਅਭਿਸ਼ੇਕ ਦਿਆਲ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਇਸ ਮਾਮਲੇ ਵਿਚ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਛਾਪੇ ਦੀ ਕਾਰਵਾਈ ਦੌਰਾਨ ਕੋਠਾਰੀ, ਉਸ ਦੀ ਪਤਨੀ ਤੇ ਬੇਟੇ ਕੋਲੋਂ ਪੁੱਛ-ਪੜਤਾਲ ਕੀਤੀ ਗਈ।
ਪੰਜਾਬ ਨੈਸ਼ਨਲ ਬੈਂਕ ਵਿਚ ਹੋਈ 11400 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਮਗਰੋਂ ਬੈਂਕਿੰਗ ਧੋਖਾਧੜੀ ਦਾ ਇਹ ਦੂਜਾ ਵੱਡਾ ਮਾਮਲਾ ਹੈ। ਪਹਿਲਾਂ 800 ਕਰੋੜ ਰੁਪਏ ਦਾ ਘਪਲਾ ਦਸਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਕਾਨਪੁਰ ਦੀ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਡ, ਇਸ ਦੇ ਨਿਰਦੇਸ਼ਕ ਵਿਕਰਮ ਕੋਠਾਰੀ, ਪਤਨੀ ਸਾਧਨਾ ਕੋਠਾਰੀ ਅਤੇ ਬੇਟੇ ਰਾਹੁਲ ਕੋਠਾਰੀ ਤੇ ਬੈਂਕ ਦੇ ਅਗਿਆਤ ਅਧਿਕਾਰੀਆਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਕਾਨਪੁਰ ਵਿਚ ਕੋਠਾਰੀ ਦੇ ਘਰ ਤੇ ਦਫ਼ਤਰਾਂ ਸਮੇਤ ਤਿੰਨ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦਸਿਆ ਕਿ ਈਡੀ ਨੇ ਵੀ ਕੋਠਾਰੀ ਤੇ ਉਸ ਦੇ ਘਰ ਵਾਲਿਆਂ ਵਿਰੁਧ ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 3695 ਕਰੋੜ ਰੁਪਏ ਦੀ ਕਥਿਤ ਬੈਂਕ ਕਰਜ਼ਾ ਧੋਖਾਧੜੀ ਨਾਲ ਸਬੰਧਤ ਹੈ। ਉਧਰ, ਕੋਠਾਰੀ ਨੇ ਕਿਹਾ ਹੈ ਕਿ ਉਹ ਕਾਨਪੁਰ ਦਾ ਹੈ ਤੇ ਕਾਨਪੁਰ ਵਿਚ ਹੀ ਰਹੇਗਾ। ਉਸ ਨੇ ਕਿਹਾ ਕਿ ਉਹ ਹੋਰਾਂ ਵਾਂਗ ਦੇਸ਼ ਛੱਡ ਕੇ ਨਹੀਂ ਦੌੜੇਗਾ। (ਏਜੰਸੀ)