
ਦੱਖਣੀ ਅਫ਼ਰੀਕਾ ਦੇ ਇੱਕ ਬੋਰਡ ਵੱਲੋਂ ਕਲੀਨਿਕਲ ਮੈਟਲ ਟੌਕਸਿਕਲੋਜਿਸਟ ਕੈਰਿਨ ਸਮਿਥ ਨੇ ਪੰਜਾਬ ਦੇ ਫਰੀਦਕੋਟ ਸ਼ਹਿਰ ਦਾ ਦੌਰਾ ਕਰਦਿਆ, 149-153 ਦੇ ਕਰੀਬ ਲੋਕਾਂ ਦੇ ਪਿਸ਼ਾਬ ਦੇ ਨਮੂਨੇ ਲਏ। ਇਹਨਾਂ ਦੇ ਨਾਲ 2008/2009 ਦੇ ਜੰਮਪਲ ਬੱਚਿਆਂ ਦੇ ਵੀ ਸੈਂਪਲ ਲਏ ਗਏ, ਜਿਹਨਾਂ ਵਿੱਚ ਜਨਮ ਸਮੇਂ ਤੋਂ ਹੀ ਸਰੀਰਕ ਨੁਕਸ ਪਾਏ ਗਏ ਸਨ ਅਤੇ ਉਹ ਬੱਚੇ ਦਿਮਾਗੀ ਵਿਕਾਸ ਤੋਂ ਵੀ ਬਹੁਤ ਹੀਣੇ ਸਨ। ਫਿਰ ਇਨ੍ਹਾਂ ਨਮੂਨਿਆਂ ਨੂੰ ਮਾਈਕ੍ਰੋਟੈਸੇਸ ਮਿਨਰਲ ਲੈਬ ਜਰਮਨੀ ਵਿੱਚ ਭੇਜਿਆ ਗਿਆ ਸੀ....
ਇਸ ਖੋਜ ਦੇ ਨਤੀਜੇ ਬਹੁਤ ਚੌਂਕਾ ਦੇਣ ਵਾਲੇ ਸਨ। ਪਤਾ ਚੱਲਿਆ ਕਿ ਇਸ ਦਾ ਕਾਰਨ ਹਨ ਸ਼ਰੀਰ ਅੰਦਰ ਭਾਰੀ ਮਾਤਰਾ ਵਿੱਚ ਪਹੁੰਚੇ ਜ਼ਹਿਰੀਲੇ ਪਦਾਰਥ। ਇਹ ਜ਼ਹਿਰੀਲੇ ਪਦਾਰਥ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਲਏ ਗਏ 88% ਨਮੂਨਿਆਂ ਵਿੱਚ ਉੱਚ ਪੱਧਰ 'ਤੇ ਯੂਰੇਨੀਅਮ ਪਾਇਆ ਗਿਆ ਅਤੇ ਬੱਚੇ ਦੇ ਹਿਸਾਬ ਨਾਲ ਸਰੀਰ ਵਿੱਚ ਯੂਰੇਨੀਅਮ ਸੁਰੱਖਿਅਤ ਪੱਧਰ ਤੋਂ 60 ਗੁਣਾ ਵੱਧ ਮਿਲਿਆ।
ਪੰਜਾਬ ਦੇ ਮਾਲਵਾ ਖੇਤਰ ਦੇ ਮਾਨਸਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੇ ਅਧਿਐਨ ਕਰਨ ਸਮੇਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚੋਂ 87% ਵਿੱਚ ਯੂਰੋਨੀਅਮ ਪਾਈ ਗਈ। 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵਿੱਚੋਂ ਵੀ 82% ਬੱਚਿਆਂ ਵਿੱਚ ਯੂਰੋਨੀਅਮ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਯੂਰੋਨੀਅਮ ਦੀ ਮਾਤਰਾ ਹੀ ਕੈਂਸਰ ਦਾ ਅਸਲ ਕਾਰਨ ਬਣ ਰਹੀ ਹੈ।
ਇਸ ਤੋਂ ਇਲਾਵਾ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫਰੀਦਕੋਟ ਨੇ ਫਾਜ਼ਿਲਕਾ ਦੇ ਨਜ਼ਦੀਕ ਸਭ ਤੋਂ ਮਾਡ਼ੇ ਪ੍ਰਭਾਵ ਵਾਲੇ ਪਿੰਡ ਤੇਜਾ ਰੋਹਿਲਾ ਦੇ ਪੰਜ ਬੱਚਿਆਂ ਦੇ ਨਮੂਨੇ ਇਸੇ ਲੈਬਾਰਟਰੀ ਨੂੰ ਭੇਜੇ,ਜਿੱਥੇ ਮਾਨਸਿਕ ਅਤੇ ਸਰੀਰਕ ਤੌਰ ਤੇ ਅਪਾਹਜ ਬੱਚੇ 100 ਤੋਂ ਵੱਧ ਹਨ।
ਜਰਮਨੀ ਦੇ ਮਾਈਕ੍ਰੋ ਟਰੇਂਸ ਮਿਨਰਲਸ ਆਫ ਜਰਮਨੀ ਪੰਜਾਬ ਦੇ ਕੈਂਸਰ ਦੇ ਮਰੀਜ਼ਾਂ ਦੀ ਟੈਸਟ ਰਿਪੋਰਟ ਲਗਾਤਾਰ ਲੈ ਰਿਹਾ ਹੈ ਅਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਦਾ ਪ੍ਰਕੋਪ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਪਿਛਲੇ ਅਧਿਐਨਾਂ ਅਨੁਸਾਰ ਚੈਕ ਕੀਤੇ ਸਾਰੇ ਸੈਂਪਲਾਂ ਵਿੱਚ ਯੂਰੇਨੀਅਮ ਸੁਰੱਖਿਅਤ ਤੋਂ ਉੱਚ ਪੱਧਰ 'ਤੇ ਪਾਇਆ ਗਿਆ। ਇਸ ਬਾਰੇ ਇੱਕ ਆਰਟੀਕਲ 2015 ਦੇ ਬ੍ਰਿਟਿਸ਼ ਜਰਨਲ ਆਫ ਮੈਡੀਸਨ ਐਂਡ ਮੈਡੀਕਲ ਰਿਸਰਚ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ।
ਚੰਡੀਗਡ਼ ਮੈਡੀਕਲ ਕਾਲਜ ਦੀ ਖੋਜ ਕਹਿੰਦੀ ਹੈ 85% ਨੌਜਵਾਨ ਡਿਪਰੈਸ਼ਨ ਦੇ ਮਰਜ਼ੀ ਹਨ। ਇੱਕ ਰਿਪੋਰਟ ਅਨੁਸਾਰ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ, ਕੀਟਨਾਸ਼ਕਾਂ ਅਤੇ ਕੀਡ਼ੇਮਾਰ ਦਵਾਈਆਂ ਦੀ ਬਹੁਤਾਤ ਕਾਰਨ ਪਾਣੀ ਦੇ ਨਾਲ ਨਾਲ ਫਸਲਾਂ ਵੀ ਜ਼ਹਿਰ ਬਣ ਚੁੱਕੀਆਂ ਹਨ। ਆਮ ਇਨਸਾਨ ਦੇ ਹੱਥੋਂ ਨਿੱਕਲ ਰਹੀ ਵਿੱਦਿਆ ਦਾ ਮਸਲਾ ਹੈ, ਵਾਤਾਵਰਨ ਦੇ ਵੱਖਰੇ ਮਸਲੇ ਹਨ, ਕਿਸਾਨੀ ਦੀਆ ਸਮੱਸਿਆਵਾਂ, ਬੇਰੁਜ਼ਗਾਰੀ, ਨਸ਼ੇ......... ਜੇਕਰ ਗਿਣਤੀ ਕਰਨ ਲੱਗੀਏ ਤਾਂ ਅੱਜ ਪੰਜਾਬ ਹਰ ਪਾਸਿਓਂ ਹੀ ਬਿਮਾਰ ਅਤੇ ਕਮਜ਼ੋਰ ਨਜ਼ਰ ਆਉਂਦਾ ਹੈ।
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕੋਲ ਅਜਿਹੇ ਬਹੁਤ ਸਾਰੇ ਮਸਲੇ ਹਨ ਜਿਹਨਾਂ ਦੀ ਚਿੰਤਾ ਫੌਰੀ ਤੌਰ 'ਤੇ ਹੋਣੀ ਚਾਹੀਦੀ ਹੈ। ਪਰ ਦੇਖਣ ਵਾਲੀ ਗੱਲ ਹੈ ਕਿ ਸਾਡਾ ਅਤੇ ਸਾਡੀ ਨੌਜਵਾਨੀ ਦਾ ਧਿਆਨ ਇਹਨਾਂ ਮਸਲਿਆਂ ਤੋਂ ਘੁਮਾ ਕੇ ਕਦੀ ਧਾਰਮਿਕ ਖਹਿ-ਬਾਜ਼ੀਆਂ ਅਤੇ ਸਿਆਸੀ ਖਿੱਚੋਤਾਣ 'ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਸਾਰੇ ਵਰਗਾਂ ਦੇ ਆਗੂ ਪੰਜਾਬ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ, ਆਪਣੀ ਪਾਰਟੀ ਅਤੇ ਪਰਿਵਾਰਾਂ ਲਈ ਪੱਕੇ ਤੌਰ 'ਤੇ ਰਾਜ ਕਰਨ ਵਾਲਾ ਸੂਬਾ ਅਤੇ ਖਾਲਿਸਤਾਨ ਤਾਂ ਬਣਾਉਣਾ ਚਾਹੁੰਦੇ ਹਨ ਪਰ ਪੰਜਾਬ ਅਤੇ ਇਸਦੇ ਵਸਨੀਕਾਂ ਨੂੰ ਸਿਹਤਯਾਬ ਨਹੀਂ ਬਣਾਉਣਾ ਚਾਹੁੰਦੇ।