
ਲੋਕ ਸਭਾ ਅਤੇ ਵਿਧਾਨ ਸਭਾਵਾਂ ਚੋਣਾਂ ਇਕੱਠੀਆਂ ਕਰਵਾਉਣ ਦੀ ਵਕਾਲਤ
ਨਵੀਂ ਦਿੱਲੀ, 29 ਜਨਵਰੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਉਮੀਦ ਪ੍ਰਗਟ ਕੀਤੀ ਕਿ ਸੰਸਦ ਵਿਚ ਪੇਸ਼ 'ਤਿੰਨ ਤਲਾਕ' ਬਿਲ ਨੂੰ ਛੇਤੀ ਹੀ ਕਾਨੂੰਨੀ ਰੂਪ ਦਿਤਾ ਜਾਵੇਗਾ। ਉਨ੍ਹਾਂ ਜ਼ੋਰ ਦਿਤਾ ਕਿ ਸਰਕਾਰ ਦੇਸ਼ ਵਿਚ ਅਜਿਹੀਆਂ ਵਿਵਸਥਾਵਾਂ ਵਿਕਸਿਤ ਕਰ ਰਹੀ ਹੈ ਜਿਨ੍ਹਾਂ ਨਾਲ ਸਮਾਜ ਦੀ ਆਖ਼ਰੀ ਕਤਾਰ ਵਿਚ ਖੜੇ ਲੋਕਾਂ ਨੂੰ ਵੀ ਲਾਭ ਹੋ ਰਿਹਾ ਹੈ। ਰਾਸ਼ਟਰਪਤੀ ਨੇ ਰਾਜ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋ-ਨਾਲ ਕਰਵਾਉਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿਚ ਚਰਚਾ ਅਤੇ ਸੰਵਾਦ ਵਧਣਾ ਚਾਹੀਦਾ ਹੈ ਅਤੇ ਸਾਰੀਆਂ ਰਾਜਸੀ ਪਾਰਟੀਆਂ ਵਿਚਕਾਰ ਸਹਿਮਤੀ ਬਣਨੀ ਚਾਹੀਦੀ ਹੈ। ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮੁਸਲਿਮ ਔਰਤਾਂ ਦਾ ਸਨਮਾਨ ਕਈ ਦਹਾਕਿਆਂ ਤਕ ਰਾਜਸੀ ਲਾਭ-ਹਾਨੀ ਦਾ ਬੰਧਕ ਰਿਹਾ। ਹੁਣ ਦੇਸ਼ ਨੂੰ ਉਨ੍ਹਾਂ ਨੂੰ ਇਸ ਹਾਲਤ ਤੋਂ ਮੁਕਤੀ ਦਿਵਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ, 'ਮੇਰੀ ਸਰਕਾਰ ਨੇ ਤਿੰਨ ਤਲਾਕ ਦੇ ਸਬੰਧ ਵਿਚ ਇਕ ਬਿਲ ਸੰਸਦ ਵਿਚ ਪੇਸ਼ ਕੀਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਬਿਲ ਛੇਤੀ ਹੀ ਕਾਨੂੰਨੀ ਰੂਪ ਅਖ਼ਤਿਆਰ ਕਰੇਗਾ।'
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁਧ ਸਾਡੀ ਲੜਾਈ ਵਿਚ ਪਿਛਲੇ ਇਕ ਸਾਲ ਵਿਚ ਲਗਭਗ ਸਾਢੇ ਤਿੰਨ ਲੱਖ ਸ਼ੱਕੀ ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾ ਚੁਕੀ ਹੈ। ਉਨ੍ਹਾਂ ਡਾ. ਅੰਬੇਦਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਮਜ਼ੋਰ ਵਰਗਾਂ ਲਈ ਸਮਰਪਿਤ ਸਰਕਾਰ, ਸੰਵਿਧਾਨ ਵਿਚ ਦਰਜ ਇਸ ਮੂਲਭਾਵਨਾ 'ਤੇ ਚਲਦਿਆਂ ਦੇਸ਼ ਵਿਚ ਸਮਾਜਕ ਨਿਆਂ ਅਤੇ ਆਰਥਕ ਜਮਹੂਰੀਅਤ ਨੂੰ ਸਸ਼ਕਤ ਕਰਨ ਅਤੇ ਆਮ ਨਾਗਰਿਕ ਦੇ ਜੀਵਨ ਨੂੰ ਸੌਖਾ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਸਬੰਧੀ ਪਹਿਲ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਪ੍ਰਤੀ ਵਚਨਬੱਧ ਹੈ। (ਏਜੰਸੀ)