
ਲੰਦਨ, 14 ਮਾਰਚ : ਸੰਸਾਰ ਭਰ 'ਚ ਪ੍ਰਸਿੱਧ ਬ੍ਰਹਿਮੰਡ ਵਿਗਿਆਨੀ ਸਟੀਫ਼ਨ ਹਾਕਿੰਗ ਦਾ ਅੱਜ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਵ੍ਹੀਲ ਚੇਅਰ 'ਤੇ ਬੈਠ ਕੇ ਬ੍ਰਹਿਮੰਡ ਦੀਆਂ ਜਟਿਲ ਗੁੱਥੀਆਂ ਨੂੰ ਸੁਲਝਾਉਣ, ਬਲੈਕ ਹੋਲ ਅਤੇ ਸਿੰਗੂਲੈਰਿਟੀ ਤੇ ਸਾਪੇਖਤਾ ਦੇ ਸਿਧਾਂਤ ਦੇ ਖੇਤਰ ਵਿਚ ਲਾਮਿਸਾਲ ਖੋਜ ਕਰਨ ਵਾਲੇ ਹਾਕਿੰਗ ਦਾ ਕੈਂਬਰਿਜ ਯੂਨੀਵਰਸਿਟੀ ਲਾਗਲੇ ਉਸ ਦੇ ਘਰ ਵਿਚ ਦਿਹਾਂਤ ਹੋ ਗਿਆ।
ਬ੍ਰਿਟਿਸ਼ ਵਿਗਿਆਨੀ ਹਾਕਿੰਗ ਦੇ ਬੱਚਿਆਂ ਲੂਸੀ, ਰਾਬਰਟ ਅਤੇ ਟਿਮ ਨੇ ਬਿਆਨ ਵਿਚ ਕਿਹਾ, 'ਸਾਨੂੰ ਬਹੁਤ ਦੁੱਖ ਨਾਲ ਦਸਣਾ ਪੈ ਰਿਹਾ ਹੈ ਕਿ ਸਾਡੇ ਪਿਤਾ ਅੱਜ ਨਹੀਂ ਰਹੇ।' ਬਿਆਨ ਮੁਤਾਬਕ ਉਹ ਮਹਾਨ ਵਿਗਿਆਨੀ, ਅਦਭੁੱਤ ਸ਼ਖ਼ਸੀਅਤ ਅਤੇ ਆਸਾਧਾਰਣ ਦਿਮਾਗ਼ ਵਾਲੇ ਸਨ ਜਿਨ੍ਹਾਂ ਦੇ ਕੰਮਾਂ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ। ਉਨ੍ਹਾਂ ਨੇ ਅਪਣੀ ਸੂਝ-ਬੂਝ, ਹਾਸੇ, ਹੌਸਲੇ ਅਤੇ ਦ੍ਰਿੜ ਸ਼ਕਤੀ ਨਾਲ ਪੂਰੀ ਦੁਨੀਆਂ ਨੂੰ ਪ੍ਰੇਰਿਤ ਕੀਤਾ ਹੈ। ਹਾਕਿੰਗ ਨੇ ਇਕ ਵਾਰ ਕਿਹਾ ਸੀ, 'ਜੇ ਤੁਹਾਡੇ ਪਿਆਰੇ ਨਾ ਹੋਣ ਤਾਂ ਬ੍ਰਹਿਮੰਡ ਉਸ ਤਰ੍ਹਾਂ ਨਹੀਂ ਰਹੇਗਾ ਜਿਸ ਤਰ੍ਹਾਂ ਦਾ ਹੈ।' ਸਟੀਫ਼ਨ ਦੇ ਅਧਿਐਨ ਤੇ ਖੋਜ ਦਾ ਧੁਰਾ ਇਹ ਸੀ ਕਿ ਦੁਨੀਆਂ ਰੱਬ ਨੇ ਨਹੀਂ ਬਣਾਈ। ਉਸ ਨੇ ਇਹ ਗੱਲ ਕਈ ਵਾਰ ਜਨਤਕ ਤੌਰ 'ਤੇ ਵੀ ਕਹੀ ਸੀ। ਉਸ ਨੂੰ ਅਲਬਰਟ ਆਇਨਸਟਾਈਨ ਮਗਰੋਂ ਸੱਭ ਤੋਂ ਵੱਡਾ ਸਿਧਾਂਤਕ ਭੌਤਿਕ ਵਿਗਿਆਨੀ ਮੰਨਿਆ ਜਾਂਦਾ ਹੈ।
ਖ਼ਾਸ ਕਿਸਮ ਦੀ ਬੀਮਾਰੀ ਤੋਂ ਪੀੜਤ ਹਾਕਿੰਗ ਦਾ ਜਨਮ ਅੱਠ ਜਨਵਰੀ 1942 ਨੂੰ ਆਕਸਫ਼ੋਰਡ ਵਿਚ ਹੋਇਆ ਸੀ। ਉਨ੍ਹਾਂ ਨੂੰ ਅਜਿਹੀ ਬੀਮਾਰੀ ਸੀ ਜਿਸ ਕਾਰਨ ਵਿਅਕਤੀ ਕੁੱਝ ਹੀ ਸਾਲ ਜਿਊਂਦਾ ਰਹਿ ਸਕਦਾ ਹੈ। ਹਾਕਿੰਗ ਨੂੰ ਇਹ ਬੀਮਾਰੀ 21 ਸਾਲ ਦੀ ਉਮਰ ਵਿਚ ਲੱਗੀ ਅਤੇ ਸ਼ੁਰੂ ਵਿਚ ਡਾਕਟਰਾਂ ਨੇ ਕਿਹਾ ਸੀ ਕਿ ਉਹ ਕੁੱਝ ਹੀ ਸਾਲ ਜਿਊਂਦਾ ਰਹਿ ਸਕੇਗਾ। ਬੀਮਾਰੀ ਕਾਰਨ ਹਾਕਿੰਗ ਦੇ ਸਰੀਰ ਨੂੰ ਲਕਵਾ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਵ੍ਹੀਲ ਚੇਅਰ 'ਤੇ ਸਿਮਟ ਕੇ ਰਹਿ ਗਏ ਪਰ ਉਨ੍ਹਾਂ ਦਾ ਦਿਮਾਗ਼ ਬ੍ਰਹਿਮੰਡ ਦੀਆਂ ਗੁੱਥੀਆਂ ਨੂੰ ਸੁਲਝਾਉਣ ਵਿਚ ਜੁਟਿਆ ਰਿਹਾ। ਹਾਕਿੰਗ ਅਪਣੇ ਹੱਥ ਦੀਆਂ ਕੁੱਝ ਉਂਗਲੀਆਂ ਹੀ ਹਿਲਾ ਸਕਦੇ ਸਨ। ਬਾਕੀ ਦਾ ਸਰੀਰ ਹਿੱਲ ਨਹੀਂ ਸਕਦਾ ਸੀ। ਉਹ ਨਹਾਉਣ, ਖਾਣ-ਪੀਣ, ਕਪੜੇ ਪਾਉਣ ਅਤੇ ਬੋਲਣ ਜਿਹੇ ਰੋਜ਼ਾਨਾ ਕੰਮ ਵੀ ਲੋਕਾਂ ਅਤੇ ਤਕਨੀਕ ਰਾਹੀਂ ਕਰਦੇ ਸਨ ਪਰ ਅਪਣੀ ਸੂਝ-ਬੂਝ ਅਤੇ ਬੋਲਣ ਦੇ ਅਨੋਖੇ ਅੰਦਾਜ਼ ਕਾਰਨ ਉਹ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਬਣੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। (ਏਜੰਸੀ)