
ਚੰਡੀਗੜ੍ਹ,
28 ਅਗੱਸਤ : ਸੌਦਾ ਸਾਧ ਦਾ ਸੱਚ ਨੰਗਾ ਕਰਨ ਲਈ ਵੱਡੇ ਖ਼ਤਰੇ ਸਹੇੜ ਕੇ ਬਾਹਰ ਆਉਣ ਵਾਲਾ
ਉਸ ਦਾ ਮੈਨੇਜਰ ਖੱਟਾ ਸਿੰਘ ਸੀ ਪਰ ਮੁਸ਼ਕਲ ਇਹ ਸੀ ਕਿ ਖੱਟਾ ਸਿੰਘ ਦੀ ਸੌਦਾ ਸਾਧ ਬਾਰੇ
ਗੱਲ ਛਾਪਣ ਲਈ ਤਿਆਰ ਹੀ ਕੋਈ ਨਹੀਂ ਸੀ ਹੁੰਦਾ। ਸੌਦਾ ਸਾਧ ਦੇ ਇਸ਼ਤਿਹਾਰ ਅਤੇ ਹੋਰ ਤੋਹਫ਼ੇ
ਸਾਰੇ ਅਖ਼ਬਾਰਾਂ ਨੂੰ ਮਿਲਿਆ ਕਰਦੇ ਸਨ। ਉਸ ਮੌਕੇ ਖੱਟਾ ਸਿੰਘ 'ਸਪੋਕਸਮੈਨ' ਕੋਲ ਮਈ
2007 ਵਿਚ ਆਇਆ ਤੇ ਸਾਰਾ ਸੱਚ ਬਿਆਨ ਕੀਤਾ। ਉਸ ਨੂੰ ਵੀ ਹੈਰਾਨੀ ਹੋਈ ਜਦ ਸਪੋਕਸਮੈਨ ਨੇ
ਸਾਰਾ ਸੱਚ ਛਾਪ ਦਿਤਾ।
10 ਸਾਲ ਬਾਦ ਅੱਜ ਖੱਟਾ ਸਿੰਘ ਇਕ ਵਾਰ ਫਿਰ ਸਪੋਕਸਮੈਨ ਦੇ
ਦਫ਼ਤਰ ਵਿਚ ਉਸ ਸਮੇਂ ਆਏ ਜਦ ਰੋਹਤਕ ਵਿਚ ਸੌਦਾ ਸਾਧ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਜਾ
ਰਹੀ ਸੀ। ਖੱਟਾ ਸਿੰਘ ਨੇ ਸਪੋਕਸਮੈਨ ਦਾ ਧਨਵਾਦ ਵੀ ਕੀਤਾ ਤੇ ਵਧਾਈ ਵੀ ਦਿਤੀ ਕਿ
ਸਪੋਕਸਮੈਨ ਵਿਚ ਉਸ ਵੇਲੇ ਸ਼ੁਰੂ ਕੀਤੇ ਸੱਚ ਦਾ ਅਭਿਆਨ ਅੰਤ ਸਫ਼ਲ ਹੋਇਆ ਤੇ ਦੋ ਸਾਧਵੀਆਂ
ਵਲੋਂ ਹੌਸਲਾ ਜੁਟਾਉਣ ਕਾਰਨ ਪਾਪੀ ਨੂੰ ਪਾਪ ਦਾ ਸਵਾਦ ਚਖਣਾ ਪਿਆ ਹੈ। ਖੱਟਾ ਸਿੰਘ ਦਾ
ਕਹਿਣਾ ਸੀ ਕਿ ਭਾਵੇਂ ਮਗਰੋਂ ਟੀਵੀ ਚੈਨਲਾਂ ਨੇ ਵੀ ਉਸ ਦੀ ਗੱਲ ਲੋਕਾਂ ਤਕ ਪਹੁੰਚਾਈ ਪਰ
ਰੋਜ਼ਾਨਾ ਸਪੋਕਸਮੈਨ ਦੀ ਮਦਦ ਤੋਂ ਬਿਨਾਂ ਉਸ ਨੇ ਕੁੱਝ ਵੀ ਨਹੀਂ ਸੀ ਕਰ ਸਕਣਾ। ਇਸ ਮੌਕੇ
ਅੱਜ ਖੱਟਾ ਸਿੰਘ ਨੇ ਜੋ ਕੁੱਝ ਆਖਿਆ, ਉਹ ਵਿਸ਼ੇਸ਼ ਇੰਟਰਵਿਊ ਦੇ ਤੌਰ 'ਤੇ ਅੰਦਰ ਸਫ਼ਾ ਤਿੰਨ
'ਤੇ ਵੇਖੋ।