
ਸਿਰਸਾ,
8 ਸਤੰਬਰ : ਸੌਦਾ ਸਾਧ ਦੇ ਵਿਸ਼ਾਲ ਡੇਰੇ ਨੂੰ ਖ਼ਤਰਾ ਮੁਕਤ ਕਰਨ ਲਈ ਅੱਜ ਸਖ਼ਤ ਸੁਰੱਖਿਆ
ਪ੍ਰਬੰਧਾਂ ਹੇਠ ਤਲਾਸ਼ੀ ਮੁਹਿੰਮ ਵਿੱਢੀ ਗਈ। ਇਸ ਮੁਹਿੰਮ ਵਿਚ ਸੁਰੱਖਿਆਂ ਬਲਾਂ ਦੇ ਜਵਾਨ
ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਤੇ ਅਧਿਕਾਰੀ ਹਿੱਸਾ ਲੈ ਰਹੇ ਹਨ।
ਸਾਰੀ ਮੁਹਿੰਮ
ਦੀ ਵੀਡੀਉਗ੍ਰਾਫ਼ੀ ਕੀਤੀ ਜਾ ਰਹੀ ਹੈ। ਤਲਾਸ਼ੀ ਦੀ ਨਿਗਰਾਨੀ ਪੰਜਾਬ ਅਤੇ ਹਰਿਆਣਾ ਹਾਈ
ਕੋਰਟ ਦੁਆਰਾ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਅਤੇ ਸਾਬਕਾ ਸੈਸ਼ਨ ਜੱਜ ਏ.ਕੇ.ਐੱਸ. ਪਵਾਰ
ਦੁਆਰਾ ਕੀਤੀ ਜਾ ਰਹੀ ਹੈ।
ਡੇਰੇ ਨੂੰ ਜਾਂਦੀ ਸੜਕ ਅਤੇ ਆਲੇ ਦੁਆਲੇ ਕਰਫ਼ੀਊ ਲਾ ਦਿਤਾ
ਗਿਆ ਹੈ। ਮੋਬਾਈਲ ਇੰਟਰਨੈਟ 'ਤੇ ਵੀ ਰੋਕ ਲਾ ਦਿਤੀ ਗਈ ਹੈ। ਕਿਸੇ ਵੀ ਆਮ ਵਿਅਕਤੀ ਨੂੰ
ਡੇਰੇ ਅੰਦਰ ਜਾਣ ਦੀ ਆਗਿਆ ਨਹੀਂ। ਡੇਰੇ ਵਿਚੋਂ ਰਜਿਸਟਰੇਸ਼ਨ ਨੰਬਰ ਰਹਿਤ ਲਗਜ਼ਰੀ ਕਾਰ ਅਤੇ
ਪੁਰਾਣੇ ਕਰੰਸੀ ਨੋਟ ਬਰਾਮਦ ਹੋਏ ਹਨ। ਕੁੱਝ ਕਮਰੇ ਵੀ ਸੀਲ ਕੀਤੇ ਗਏ ਹਨ ਅਤੇ ਹਾਰਡ
ਡਿਸਕ ਡਰਾਈਵ, ਲੇਬਲ ਰਹਿਤ ਦਵਾਈਆਂ ਵੀ ਬਰਾਮਦ ਹੋਈਆਂ ਹਨ। ਇਹ ਜਾਣਕਾਰੀ ਹਰਿਆਣਾ ਲੋਕ
ਸੰਪਰਕ ਵਿਭਾਗ ਦੇ ਉਪ ਨਿਰਦੇਸ਼ਕ ਸਤੀਸ਼ ਮਹਿਰਾ ਨੇ ਪੱਤਰਕਾਰਾਂ ਨੂੰ ਦਿਤੀ। ਉਨ੍ਹਾਂ ਕਿਹਾ,
'ਓਬੀ ਵੈਨ, ਸੱਤ ਹਜ਼ਾਰ ਰੁਪਏ ਦੇ ਬੰਦ ਹੋ ਚੁੱਕੇ ਨੋਟ, 12 ਹਜ਼ਾਰ ਰੁਪਏ ਨਕਦ ਬਰਾਮਦ ਹੋਏ
ਹਨ। ਪਲਾਸਟਿਕ ਦੇ ਸਿੱਕੇ ਵੀ ਬਰਾਮਦ ਹੋਏ ਹਨ। ਪਤਾ ਲੱਗਾ ਹੈ ਕਿ ਗੁਫ਼ਾ ਵਿਚੋਂ ਪੰਜ
ਸ਼ੱਕੀ ਮੁੰਡੇ ਵੀ ਮਿਲੇ ਹਨ। ਅਧਿਕਾਰੀਆਂ ਨੇ ਦਸਿਆ ਕਿ ਸਵੇਰੇ ਸੁੱਰਖਿਆਂ ਬਲਾਂ ਦਾ ਵੱਡਾ
ਕਾਫ਼ਲਾ ਡੇਰੇ ਅੰਦਰ ਦਾਖ਼ਲ ਹੋਇਆ ਜਿਸ ਵਿਚ ਪੁਲਿਸ ਦੀਆਂ ਬਸਾਂ, ਅਰਧ-ਸੈਨਿਕ ਬਲ ਦੇ
ਵਾਹਨ, ਫ਼ੌਰੀ ਕਾਰਵਾਈ ਟੀਮ ਦੇ ਵਾਹਨ, ਬੰਬ ਨਸ਼ਟ ਕਰਨ ਵਾਲੇ ਦਸਤੇ, ਗੜਬੜੀ ਰੋਕਣ ਵਾਲੇ
ਦਸਤੇ, ਜਵਾਨਾਂਅਤੇ ਅਰਧ-ਸੈਨਿਕ ਬਲਾਂ ਨੂੰ ਲੈ ਕੇ ਜਾਣ ਵਾਲੇ ਕਈ ਵਾਹਨ ਸ਼ਾਮਲ ਸਨ। ਇਸ ਮੁਹਿੰਮ ਵਿਚ ਹੋਰ ਕਈ ਸਰਕਾਰੀ ਵਿਭਾਗ ਲੱਗੇ ਹੋਏ ਹਨ।
ਤਲਾਸ਼ੀ ਮੁਹਿੰਮ ਵਿਚ ਅੱਗ ਬੁਝਾਊ ਗੱਡੀਆਂ ਤੋਂ ਇਲਾਵਾ ਜ਼ਮੀਨ ਪੁੱਟਣ ਵਾਲੀਆਂ ਮਸ਼ੀਨਾਂ ਅਤੇ ਟ੍ਰੈਕਟਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਦੇ ਡੀਜੀਪੀ ਬੀ ਐਸ ਸੰਧੂ ਨੇ ਕਲ ਚੰਡੀਗੜ੍ਹ ਵਿਚ ਕਿਹਾ ਸੀ ਕਿ ਤਲਾਸ਼ੀ ਮੁਹਿੰਮ ਵਾਸਤੇ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਡੇਰੇ ਨੂੰ ਖ਼ਤਰਾ ਮੁਕਤ ਕਰਨ ਵਾਲੀ ਤਲਾਸ਼ੀ ਮੁਹਿੰਮ ਬਿਨਾਂ ਕਿਸੇ ਰੁਕਾਵਟ ਖ਼ਤਮ ਹੋ ਜਾਵੇਗੀ। ਇਕ ਡੇਰਾ ਪ੍ਰਬੰਧਕ ਨੇ ਕਿਹਾ ਕਿ ਉਹ ਵੀ ਸਥਾਨਕ ਪ੍ਰਸ਼ਾਸਨ ਦੀ ਤਲਾਸ਼ੀ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਗੇ।
ਕੋਰਟ ਕਮਿਸ਼ਨਰ
ਪਵਾਰ ਕਲ ਸਿਰਸਾ ਪਹੁੰਚੇ ਸਨ ਅਤੇ ਉਨ੍ਹਾਂ ਨੇ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ,
ਸਿਵਲ ਅਤੇ ਅਰਧ ਸੁਰੱਖਿਆ ਬਲਾਂ ਦੇ ਮੁੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਘਰਾਂ,
ਕਾਲਜਾਂ, ਬਾਜ਼ਾਰਾਂ, ਹਸਪਤਾਲਾਂ, ਮੈਦਾਨਾਂ ਸਮੇਤ ਡੇਰਾ 800 ਏਕੜ ਜ਼ਮੀਨ ਵਿਚ ਫੈਲਿਆ ਹੋਇਆ
ਹੈ। ਮੀਡੀਆ ਨੂੰ ਇਸ ਮੁਹਿੰਮ ਤੋਂ ਦੂਰ ਰਖਿਆ ਗਿਆ ਹੈ। (ਏਜੰਸੀ)