
ਨਵੀਂ ਦਿੱਲੀ: ਸੰਸਾਰਿਕ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਮਾਮੂਲੀ ਤੇਜ਼ੀ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੇ ਗਹਿਣਿਆਂ ਦੀ ਮੰਗ ਵਧਣ ਨਾਲ ਅੱਜ ਇਹ 175 ਰੁਪਏ ਦੀ ਤੇਜ਼ੀ 'ਚ ਕਰੀਬ ਡੇਢ ਹਫਤੇ ਦੇ ਉੱਚਤਮ ਪੱਧਰ 29,700 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵੀ 150 ਰੁਪਏ ਦੇ ਵਾਧੇ ਨਾਲ ਕਰੀਬ ਦੋ ਹਫਤੇ ਦੇ ਉੱਚਤਮ ਪੱਧਰ 'ਤੇ 38,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।
ਕੌਮਾਂਤਰੀ ਬਾਜ਼ਾਰਾਂ 'ਚੋਂ ਸੋਨਾ ਹਾਜ਼ਿਰ 1.70 ਡਾਲਰ ਚੜ੍ਹ ਕੇ 1,262.75 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਅਦਾ 1.30 ਡਾਲਰ ਦੇ ਵਾਧੇ 'ਚ 1,266.68 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕਾ 'ਚ ਟੈਕਸ ਸੁਧਾਰਾਂ ਵਾਲੇ ਟਰੰਪ ਸਰਕਾਰ ਦੇ ਬਿੱਲ ਲਈ ਵਧਦੇ ਸਮਰਥਨ ਨਾਲ ਇਸ ਦੇ ਪਾਸ ਹੋਣ ਦੀ ਉਮੀਦ ਵਧੀ ਹੈ। ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਡਾਲਰ 'ਚ ਮਜ਼ਬੂਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਨਾਲ ਸੋਨਾ ਦਬਾਅ 'ਚ ਆ ਸਕਦਾ ਹੈ। ਇਸ ਦੌਰਾਨ ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ 0.02 ਡਾਲਰ ਮਜ਼ਬੂਤ ਹੋ ਕੇ 16.13 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।