
ਨਵੀਂ ਦਿੱਲੀ, 22 ਨਵੰਬਰ : ਬ੍ਰਹਮੋਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਭਾਰਤੀ ਹਵਾਈ ਫ਼ੌਜ ਦੇ ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਵਿਚੋਂ ਪਹਿਲੀ ਵਾਰ ਅੱਜ ਸਫ਼ਲ ਤਜਰਬਾ ਕੀਤਾ ਗਿਆ। ਇਸ ਤਜਰਬੇ ਨਾਲ ਆਸਮਾਨ ਵਿਚ ਦੇਸ਼ ਦੀ ਜੰਗੀ ਸਮਰੱਥਾ ਵਧੇਗੀ। ਹਥਿਆਰਬੰਦ ਫ਼ੌਜਾਂ ਹੁਣ ਬ੍ਰਹਮੋਜ਼ ਨੂੰ ਛੱਡਣ ਦੇ ਸਮਰੱਥ ਹਨ ਜਿਹੜੀ ਕਰੀਬ 290 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਅਤੇ ਇਸ ਨੂੰ ਜ਼ਮੀਨ, ਸਮੁੰਦਰ ਅਤੇ ਹਵਾ ਵਿਚੋਂ ਛੱਡੀ ਜਾਣ ਵਾਲੀ ਦੁਨੀਆਂ ਦੀ ਸੱਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਸਿਆ ਗਿਆ ਹੈ।
ਰਖਿਆ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਲੜਾਕੂ ਜਹਾਜ਼ ਵਿਚੋਂ ਛੱਡੀ ਗਈ ਮਿਜ਼ਾਈਲ ਨੇ ਬੰਗਾਲ ਦੀ ਖਾੜੀ ਵਿਚ ਟੀਚੇ ਨੂੰ ਛੂਹਿਆ। ਬੁਲਾਰੇ ਨੇ ਕਿਹਾ ਕਿ ਇਸ ਸਫ਼ਲ ਤਜਰਬੇ ਨਾਲ ਇਤਿਹਾਸ ਰਚਿਆ ਗਿਆ ਹੈ। ਇਹ ਦੁਨੀਆਂ ਦੀ ਸੱਭ ਤੋਂ ਤੇਜ਼ ਕਰੂਜ਼ ਸੁਪਰਸੋਨਿਕ ਮਿਜ਼ਾਈਲ ਹੈ। ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ 'ਇਤਿਹਾਸਕ ਪ੍ਰਾਪਤੀ' ਲਈ ਟੀਮ ਬ੍ਰਹਮੋਜ਼ ਨੂੰ ਵਧਾਈ ਦਿਤੀ। 2.5 ਟਨ ਵਜ਼ਨੀ ਬ੍ਰਹਮੋਜ਼ ਭਾਰਤ ਦੇ ਸੁਖੋਈ-30 ਜਹਾਜ਼ 'ਤੇ ਤੈਨਾਤ ਕੀਤੇ ਜਾਣ ਵਾਲਾ ਸੱਭ ਤੋਂ ਵੱਧ ਵਜ਼ਨ ਵਾਲਾ ਹਥਿਆਰ ਹੈ। ਭਾਰਤ ਅਤੇ ਰੂਸ ਨੇ ਮਿਲ ਕੇ ਇਹ ਮਿਜ਼ਾਈਲ ਬਣਾਈ ਹੈ। (ਏਜੰਸੀ)