
ਅਹਿਮਦਾਬਾਦ, 17 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤਿ-ਆਧੁਨਿਕ ਤਕਨੀਕ ਨਾਲ ਲੈਸ ਨਵੇਂ ਭਾਰਤ ਦੇ ਨਿਰਮਾਣ ਲਈ ਅਨੁਕੂਲ ਢਾਂਚਾ ਬਣਾਉਣ ਦੇ ਯਤਨ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਹਨ, ਤਦ ਹੀ ਨਤੀਜੇ ਵੱਡੇ ਮਿਲ ਸਕਦੇ ਹਨ। ਦੇਸ਼ ਦੇ ਨੌਜਵਾਨਾਂ ਦੀ ਊਰਜਾ ਨੂੰ ਦਿਸ਼ਾ ਦੇਣਾ ਜ਼ਰੂਰੀ ਹੈ। ਨਵੀਂ ਤਕਨੀਕ ਅਤੇ ਤਬਦੀਲੀ ਜ਼ਰੀਏ ਹੀ ਨਵੇਂ ਭਾਰਤ ਦਾ ਨਿਰਮਾਣ ਸੰਭਵ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਤੋਂ ਭਾਰਤ ਨੂੰ ਨਵੀਂ ਤਕਨੀਕ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਆਕਾਰ ਨਹੀਂ, ਦੇਸ਼ਵਾਸੀਆਂ ਦਾ ਸੰਕਲਪ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਹੈ। ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇਥੋਂ ਨੇੜਲੇ ਪਿੰਡ ਧੋਲੇਰਾ ਵਿਚ ਉਦਮਤਾ ਅਤੇ ਤਕਨੀਕ ਕੇਂਦਰ ਦੇਸ਼ ਨੂੰ ਸਮਰਪਿਤ ਕਰਨ ਤੋਂ ਬਾਅਦ ਇਹ ਗੱਲਾਂ ਕਹੀਆਂ। ਮੋਦੀ ਨੇ ਕਿਹਾ, 'ਜਦ ਮੈਂ ਪਿਛਲੇ ਸਾਲ ਇਜ਼ਰਾਈਲ ਗਿਆ ਸੀ ਤਾਂ ਮੈਂ ਅਪਣਾ ਮਨ ਬਣਾ ਲਿਆ ਸੀ ਕਿ ਇਸ ਪਹਿਲ ਜ਼ਰੀਏ ਇਜ਼ਰਾਈਲ ਨਾਲ ਸਾਡੇ ਸਬੰਧ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ ਅਤੇ ਤਦ ਤੋਂ ਹੀ ਮੈਂ ਅਪਣੇ ਮਿੱਤਰ ਬੇਂਜਾਮਿਨ ਦੇ ਭਾਰਤ ਆਉਣ ਦੀ ਉਡੀਕ ਕਰ ਰਿਹਾ ਸੀ।'
ਧੋਲੇਰਾ ਵਿਚ ਚਾਰ ਏਕੜ ਵਿਚ ਫੈਲੀ ਆਈ ਕਰੀਏਟ ਸੰਸਥਾ ਜ਼ਰੀਏ ਹੁਣ ਦੇਸ਼ ਦੇ ਨੌਜਵਾਨ ਅਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ। ਇਜ਼ਰਾਈਲ ਇਨੋਵੇਸ਼ਨ ਅਥਾਰਟੀ ਦੀ ਮਦਦ ਨਾਲ ਆਈ ਕਰੀਏਟ ਨੌਜਵਾਨਾਂ ਨੂੰ ਦੁਨੀਆਂ ਦੀਆਂ ਆਧੁਨਿਕ ਤਕਨੀਕਾਂ ਨਾਲ ਰੂਬਰੂ ਕਰਵਾਏਗੀ। ਨੇਤਨਯਾਹੂ ਅਤੇ ਮੋਦੀ ਗਾਂਧੀ ਆਸ਼ਰਮ ਤੋਂ ਸਿੱਧੇ ਤਕਨੀਕ ਅਤੇ ਇਨੋਵੇਸ਼ਨ ਦੇ ਕੇਂਦਰ ਆਈ ਕਰੀਏਟ ਪਹੁੰਚੇ ਜਿਥੇ ਭਾਰਤ ਅਤੇ ਇਜ਼ਰਾਈਲ ਦੇ 18-18 ਨੌਜਵਾਨਾਂ ਨੂੰ ਸਨਮਾਨਤ ਕੀਤਾ ਗਿਆ। ਮੋਦੀ ਨੇ ਕਿਹਾ, 'ਅਸੀਂ ਅਪਣੇ ਦੇਸ਼ ਵਿਚ ਸਮੁੱਚੇ ਢਾਂਚੇ ਨੂੰ ਤਕਨੀਕ ਅਨੁਕੂਲ ਬਣਾਉਣ ਲਈ ਕੰਮ ਕਰ ਰਹੇ ਹਾਂ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, 'ਦੁਨੀਆਂ ਆਈਪੈਡਜ਼ ਅਤੇ ਆਈਪੌਡਜ਼ ਬਾਰੇ ਜਾਣਦੀ ਹੈ ਪਰ ਇਕ ਹੋਰ ਆਈ ਹੈ ਜਿਸ ਬਾਰੇ ਦੁਨੀਆਂ ਨੂੰ ਜਾਣਨ ਦੀ ਲੋੜ ਹੈ ਅਤੇ ਉਹ ਹੈ 'ਆਈ ਕਰੀਏਟ'। ਉਨ੍ਹਾਂ ਅਪਣੇ ਭਾਸ਼ਨ ਦਾ ਅੰਤ 'ਜੈ ਹਿੰਦ, ਜੈ ਭਾਰਤ, ਜੈ ਇਜ਼ਰਾਈਲ, ਧਨਵਾਦ ਪ੍ਰਧਾਨ ਮੰਤਰੀ ਮੋਦੀ' ਨਾਲ ਕੀਤਾ। (ਏਜੰਸੀ)