
ਨਵੀਂ ਦਿੱਲੀ, 16 ਜਨਵਰੀ: ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਅੱਜ ਕਿਹਾ ਕਿ ਅਜਿਹਾ ਲਗਦਾ ਹੈ ਜਿਵੇਂ ਸੁਪਰੀਮ ਕੋਰਟ 'ਚ ਸੰਕਟ ਅਜੇ ਹੱਲ ਨਹੀਂ ਹੋਇਆ।
ਵੇਣੂਗੋਪਾਲ ਨੇ ਕਲ ਕਿਹਾ ਸੀ ਕਿ ਸਿਖਰਲੀ ਅਦਾਲਤ 'ਚ ਸੱਭ ਕੁੱਝ ਹੱਲ ਹੋ ਗਿਆ ਹੈ। ਹਾਲਾਂਕਿ ਅੱਜ ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਇਸ ਸੰਕਟ ਦਾ ਹੱਲ ਅਜੇ ਨਹੀਂ ਹੋਇਆ। ਅਸੀ ਉਮੀਦ ਕਰਦੇ ਹਾਂ ਕਿ ਦੋ-ਤਿੰਨ ਦਿਨਾਂ ਅੰਦਰ ਇਸ ਸੰਕਟ 'ਚੋਂ ਪੂਰੀ ਤਰ੍ਹਾਂ ਬਾਹਰ ਨਿਕਲਿਆ ਜਾ ਸਕੇਗਾ।'' ਉਧਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਉਮੀਦ ਪ੍ਰਗਟਾਈ ਕਿ ਇਸ ਹਫ਼ਤੇ ਦੇ ਅੰਤ ਤਕ ਸੰਕਟ ਹੱਲ ਹੋ ਜਾਵੇਗਾ। ਦੂਜੇ ਪਾਸੇ ਸੁਪਰੀਮ ਕੋਰਟ ਦੇ ਚਾਰ ਸੱਭ ਤੋਂ ਸੀਨੀਅਰ ਜੱਜਾਂ ਦੇ ਵਿਰੋਧ ਮਗਰੋਂ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਦੇ ਇਰਾਦੇ ਨਾਲ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਇਨ੍ਹਾਂ ਚਾਰਾਂ ਜੱਜਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਜੱਜਾਂ ਨੇ ਸੰਵੇਦਨਸ਼ੀਲ ਕਿਸਮ ਵਾਲੀਆਂ ਜਨਹਿੱਤ ਅਪੀਲਾਂ ਨੂੰ ਸੁਣਵਾਈ ਲਈ ਵੰਡਣ ਸਮੇਤ ਕਈ ਗੰਭੀਰ ਦੋਸ਼ ਲਾਏ ਸਨ।ਇਨ੍ਹਾਂ ਜੱਜਾਂ ਵਲੋਂ 12 ਜਨਵਰੀ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ਮਗਰੋਂ ਪੈਦਾ ਸੰਕਟ ਦੇ ਹੱਲ ਲਈ ਬਾਰ ਕੌਂਸਲ ਆਫ਼ ਇੰਡੀਆ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੂੰ ਕਲ ਕਾਫ਼ੀ ਉਮੀਦਾਂ ਸਨ ਪਰ ਅਜਿਹਾ ਲਗਦਾ ਹੈ ਕਿ ਚੀਫ਼ ਜਸਟਿਸ ਵਿਰੁਧ ਸ਼ਿਕਾਇਤਾਂ ਨੂੰ ਲੈ ਕੇ ਵਿਵਾਦ ਦਾ ਹੱਲ ਅਜੇ ਦੂਰ ਹੀ ਹੈ।
ਸੁਪਰੀਮ ਕੋਰਟ ਵਿਚਲੇ ਸੂਤਰਾਂ ਨੇ ਅੱਜ ਦਸਿਆ ਕਿ ਚੀਫ਼ ਜਸਟਿਸ ਨੇ ਸਵੇਰੇ ਅਦਾਲਤ ਦਾ ਕੰਮਕਾਜ ਸ਼ੁਰੂ ਹੋਣ ਤੋਂ ਪਹਿਲਾਂ ਜਸਟਿਸ ਜੇ. ਚੇਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਕਰੀਅਨ ਜੋਸਫ਼ ਨਾਲ ਲਗਭਗ 15 ਮਿੰਟਾਂ ਤਕ ਮੁਲਾਕਾਤ ਕੀਤੀ।ਸੂਤਰਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਕਈ ਹੋਰ ਜੱਜ ਵੀ ਹਾਜ਼ਰ ਸਨ। ਇਸ ਮੁਲਾਕਾਤ ਮਗਰੋਂ ਚੀਫ਼ ਜਸਟਿਸ ਅਤੇ ਚਾਰੇ ਜੱਜ ਆਪੋ-ਅਪਣੇ ਕੰਮ 'ਤੇ ਚਲੇ ਗਏ। ਚਾਰੇ ਜੱਜਾਂ ਨੇ ਪ੍ਰੈੱਸ ਕਾਨਫ਼ਰੰਸ 'ਚ ਦੋਸ਼ ਲਾਇਆ ਸੀ ਕਿ ਕੁੱਝ ਮੁੱਦੇ ਸੁਪਰੀਮ ਕੋਰਟ ਨੂੰ ਨੁਕਸਾਨ ਪਹੁੰਚਾ ਰਹੇ ਹਨ। ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਪਰਸਨ ਮਨਨ ਕੁਮਾਰ ਮਿਸ਼ਰਾ ਨੇ ਕਲ ਕਿਹਾ ਸੀ ਕਿ ਕਹਾਣੀ ਖ਼ਤਮ ਹੋ ਗਈ ਹੈ ਅਤੇ ਹੁਣ ਕੋਈ ਵਿਵਾਦ ਨਹੀਂ ਹੈ। (ਪੀਟੀਆਈ)