
ਨਵੀਂ
ਦਿੱਲੀ, 17 ਸਤੰਬਰ : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਉਨ੍ਹਾਂ ਦਾ
ਮੰਤਰਾਲਾ ਉੱਚੇ ਇਲਾਕਿਆਂ ਅਤੇ ਗਲੇਸ਼ੀਅਰਾਂ ਤੋਂ ਕੂੜੇ ਦੀ ਸਫ਼ਾਈ ਲਈ ਮੁਹਿੰਮ ਚਲਾਏਗਾ।
ਦਿੱਲੀ ਛਾਉਣੀ ਇਲਾਕੇ ਵਿਚ 'ਸਵੱਛਤਾ ਹੀ ਸੇਵਾ' ਮੁਹਿੰਮ ਨਾਲ ਸਬੰਧਤ ਪ੍ਰੋਗਰਾਮ ਵਿਚ
ਨਿਰਮਲਾ ਨੇ ਕਿਹਾ, 'ਜੇ ਤੁਸੀਂ ਮੰਗਲਯਾਨ ਨੂੰ ਮੰਗਲ ਗ੍ਰਹਿ 'ਤੇ ਭੇਜ ਸਕਦੇ ਹੋ ਅਤੇ
ਆਈਟੀ ਖੇਤਰ ਦੇ ਮਾਧਿਅਮ ਨਾਲ ਪੂਰੀ ਦੁਨੀਆਂ ਨੂੰ ਸੇਵਾ ਮੁਹਈਆ ਕਰਾ ਸਕਦੇ ਹੋ ਤਾਂ ਅਸੀਂ
ਅਪਣੇ ਵਾਤਾਵਰਣ ਦੀ ਸਫ਼ਾਈ ਕਿਉਂ ਨਹੀਂ ਕਰ ਸਕਦੇ।'
ਸਵੱਛਤਾ ਸੇਵਾ ਮੁਹਿੰਮ ਦੀ
ਸ਼ੁਰੂਆਤ 15 ਸਤੰਬਰ ਤੋਂ ਸ਼ੁਰੂ ਹੋਈ ਅਤੇ ਇਹ ਦੋ ਅਕਤੂਬਰ ਤਕ ਚੱਲੇਗੀ। ਨਿਰਮਲਾ ਨੇ ਕਿਹਾ
ਕਿ ਉੱਚੇ ਇਲਾਕਿਆਂ, ਪਹਾੜਾਂ ਅਤੇ ਗਲੇਸ਼ੀਅਰਾਂ 'ਤੇ ਯਾਤਰੀਆਂ ਤੇ ਹੋਰ ਲੋਕਾਂ ਦੁਆਰਾਂ
ਛੱਡੇ ਗਏ ਕੂੜੇ ਦੀ ਸਫ਼ਾਈ ਲਈ ਰਖਿਆ ਮੰਤਰਾਲਾ ਮੁਹਿੰਮ ਚਲਾਏਗਾ। ਉਨ੍ਹਾਂ ਕਿਹਾ ਕਿ ਛਾਉਣੀ
ਦੇ ਇਲਾਕਿਆਂ ਨੂੰ 2019 ਤਕ ਸਾਫ਼ ਸੁਥਰਾ ਬਣਾਉਣ ਲਈ ਲੰਮੇ ਸਮੇਂ ਦੀ ਯੋਜਨਾ 'ਤੇ ਅਮਲ
ਕੀਤਾ ਜਾਵੇਗਾ।
ਮੰਤਰੀ ਨੇ ਛਾਉਣੀ ਇਲਾਕੇ ਦੇ ਬਾਜ਼ਾਰ ਦਾ ਦੌਰਾ ਕੀਤਾ ਅਤੇ ਸਥਾਨਕ
ਲੋਕਾਂ ਨਾਲ ਗੱਲਬਾਤ ਕੀਤੀ। ਰਖਿਆ ਸਕੱਤਰ ਸੰਜੇ ਮਿਸ਼ਰਾ, ਦਿੱਲੀ ਇਲਾਕੇ ਦੇ ਜਨਰਲ ਆਫ਼ੀਸਰ
ਕਮਾਂਡਿੰਗ ਐਮ ਐਮ ਨਰਵਾਨੀ ਅਤੇ ਹੋਰ ਸੀਨੀਅਰ ਅਧਿਕਾਰ ਇਸ ਮੌਕੇ ਮੌਜੂਦ ਸਨ।